ਕਰਤਾਰਪੁਰ, 31 ਅਗਸਤ (ਭਜਨ ਸਿੰਘ)- ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ ਜੇ.ਪੀ.ਜੀ.ਏ. ਅਗਜ਼ੈਕਟਿਵ ਕਮੇਟੀ ਦੀ 10ਵੇਂ ਕਿਸਾਨ ਮੇਲੇ ਦੀਆਂ ਤਿਆਰੀਆਂ ਸੰਬੰਧੀ ਕਰਤਾਰਪੁਰ ਨਵੀਂ ਦਾਣਾ ਮੰਡੀ 'ਚ ਮੀਟਿੰਗ ਹੋਈ ਜਿਸ ਵਿਚ ਵਾਈਸ ਪ੍ਰਧਾਨ ਅਸ਼ਵਿੰਦਰਪਾਲ ਸਿੰਘ ਨੇ ਪੰਜਾਬ ਵਿਚ ਇਸ ਸਮੇਂ ਆਏ ਹੋਏ ਹੜ੍ਹਾਂ ਨਾਲ ਪਿੰਡਾਂ ਵਿਚ ਹੋਏ ਕਿਸਾਨਾਂ ਦੇ ਭਾਰੀ ਨੁਕਸਾਨ ਸੰਬੰਧੀ ਚਿੰਤਾ ਪ੍ਰਗਟ ਕੀਤੀ ਤੇ ਕਿਸਾਨਾਂ ਦੀ ਮਦਦ ਦੀ ਵਿਉਂਤਬੰਦੀ ਕਰਨ ਲਈ ਆਖਿਆ | ਜਥੇਬੰਦੀ ਦੀ ਸਲਾਹ ਨਾਲ ਪਿ੍ਤਪਾਲ ਸਿੰਘ ਢਿੱਲੋਂ ਤੇ ਅਸ਼ਵਿੰਦਰਪਾਲ ਸਿੰਘ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਕਿਸਾਨਾਂ ਦੇ ਮੁੜ ਵਸੇਬੇ ਲਈ ਜਥੇਬੰਦੀ ਨੇ ਤਿਆਰੀ ਆਰੰਭ ਦਿੱਤੀ ਹੈ ਜਿਸ ਲਈ ਕਮੇਟੀ ਬਣਾਈ ਜਾਵੇਗੀ ਜੋ ਲੋੜਵੰਦ ਕਿਸਾਨਾਂ ਦੀ ਸਹਾਇਤਾ ਲਈ 50 ਟਰੈਕਟਰ ਵੱਡੇ ਜ਼ਮੀਨ ਉਪਜਾਊ ਕਰਨ ਲਈ, ਡੀਜ਼ਲ, ਬੀਜ, ਖਾਦ ਤੇ ਲੰਗਰ ਰਸਦਾਂ ਮੁਹੱਈਆ ਕਰਵਾਏਗੀ ਜੋ ਹੜ੍ਹ ਨਾਲ ਤਬਾਹ ਹੋਈਆਂ ਜ਼ਮੀਨਾਂ ਨੂੰ ਮੁੜ ਉਪਜਾਊ ਬਣਾ ਕੇ ਕਿਸਾਨਾਂ ਦੀ ਬਾਂਹ ਫੜੇਗੀ | ਜੇ.ਪੀ.ਜੀ.ਏ. ਦੇ ਸੈਕਟਰੀ ਪਿ੍ਤਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਜਥੇਬੰਦੀ ਦੇ 60 ਐਗਜ਼ੈਕਟਿਵ ਮੈਂਬਰ ਆਪਣੀ ਕਿਰਤ ਕਮਾਈ ਵਿਚੋਂ 21 ਹਜ਼ਾਰ ਰੁਪਏ ਤੇ ਸੰਸਥਾ ਨਾਲ ਜੁੜੇ 3500 ਮੈਂਬਰ 5000 ਰੁਪਏ ਪ੍ਰਤੀ ਮੈਂਬਰ ਹੜ੍ਹ ਪੀੜਤ ਮੁੜ ਵਸੇਬਾ ਫ਼ੰਡ ਲਈ ਦੇਣਗੇ | ਸੰਸਥਾ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਿੱਥੇ ਵੀ ਲੰਗਰ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਹਨ, ਨੂੰ ਆਲੂ ਮੁਹੱਈਆ ਕਰਵਾਏਗੀ | ਉਨ੍ਹਾਂ ਆਖਿਆ ਕਿ ਜਿਸ ਕਿਸੇ ਵੀ ਸੰਸਥਾ ਨੂੰ ਲੰਗਰ ਵਾਸਤੇ ਆਲੂ ਚਾਹੀਦੇ ਹਨ ਉਹ 9463163000, 9876600018 ਨੰਬਰ 'ਤੇ ਸੰਪਰਕ ਵੀ ਕਰ ਸਕਦੇ ਹਨ | ਪ੍ਰਧਾਨ ਗੁਰਰਾਜ ਸਿੰਘ ਨਿੱਝਰ ਨੇ ਦੱਸਿਆ ਕਿ ਜੇ.ਪੀ.ਜੀ.ਏ. ਵੱਲੋਂ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਦਿਨ ਅਨੁਸਾਰ 10ਵਾਂ ਕਿਸਾਨ ਮੇਲਾ 5,6 ਸਤੰਬਰ ਨੂੰ ਕਰਤਾਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰ 'ਚ ਸੇਵਾਵਾਂ ਵੀ ਲਗਾਤਾਰ ਜਾਰੀ ਰਹਿਣਗੀਆਂ ਤੇ ਪਹਿਲਾ ਤੋਂ ਉਲੀਕੇ ਹੋਣ ਕਰ ਕੇ ਕਿਸਾਨਾਂ ਲਈ ਲਗਾਇਆ ਜਾ ਰਿਹਾ 10ਵਾਂ ਕਿਸਾਨ ਮੇਲਾ ਵੀ ਹੋਵੇਗਾ | ਇਸ ਮੌਕੇ ਉਨ੍ਹਾਂ ਕਿਹਾ ਕਿ ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ 10ਵੇਂ ਜੇ.ਪੀ.ਜੀ.ਏ ਕਿਸਾਨ ਮੇਲੇ ਦੀਆਂ ਤਿਆਰੀਆਂ ਕਰਤਾਰਪੁਰ ਦੀ ਦਾਣਾ ਮੰਡੀ ਵਿਚ ਵੱਡੇ ਪੱਧਰ ਉੱਪਰ ਚੱਲ ਰਹੀਆਂ ਹਨ |