ਜਲੰਧਰ, 2 ਸਤੰਬਰ (ਐੱਮ. ਐੱਸ. ਲੋਹੀਆ)-ਸੀ.ਸੀ.ਟੀ.ਵੀ. ਕੈਮਰੇ ਲਗਾਉਣ ਵਾਲੇ ਇਕ ਵਿਅਕਤੀ ਦੇ ਕਬਜ਼ੇ 'ਚੋਂ 1 ਕਿੱਲੋ 21 ਗ੍ਰਾਮ ਹੈਰੋਇਨ ਬਰਾਮਦ ਕਰਕੇ ਐਂਟੀ ਨਾਰਕੋਟਿਕ ਟਾਸਕ ਫੋਰਸ (ਏ.ਐਨ.ਟੀ.ਐਫ਼.) ਦੀ ਟੀਮ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਚੰਦਰ ਕਪੂਰ ਉਰਫ਼ ਰਾਹੁਲ ਪੁੱਤਰ ਧਰਮਵੀਰ ਕਪੂਰ ਵਾਸੀ ਦਕੋਹਾ, ਰਾਮਾ ਮੰਡੀ, ਜਲੰਧਰ ਵਜੋਂ ਦੱਸੀ ਗਈ ਹੈ | ਸਹਾਇਕ ਇੰਸਪੈਕਟਰ ਜਨਰਲ ਪੁਲਿਸ ਏ.ਐਨ.ਟੀ.ਐਫ਼. ਜਲੰਧਰ ਰੇਂਜ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਡੀ.ਐੱਸ.ਪੀ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਐੱਸ.ਆਈ. ਸੰਜੀਵ ਕੁਮਾਰ ਦੀ ਟੀਮ ਨੇ ਬੱਸ ਅੱਡੇ ਨੇੜੇ ਕਾਰਵਾਈ ਕਰਦੇ ਹੋਏ ਚੰਦਰ ਕਪੂਰ ਉਰਫ਼ ਰਾਹੁਲ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਮੁੱਢਲੀ ਤਫ਼ਤੀਸ਼ ਦੌਰਾਨ ਮੁਲਾਜ਼ਮ ਨੇ ਦੱਸਿਆ ਕਿ ਉਹ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਕਰਦਾ ਹੈ, ਜਲਦੀ ਅਮੀਰ ਹੋਣ ਦੇ ਲਾਲਚ 'ਚ ਉਸ ਨੇ ਹੈਰੋਇਨ ਸਪਲਾਈ ਕਰਨ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ | ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਮੁਲਜ਼ਮ ਤੋਂ ਉਸ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |