ਜਲੰਧਰ, 3 ਸਤੰਬਰ (ਸ਼ਿਵ)- ਲਗਾਤਾਰ ਮੀਂਹ ਪੈਣ ਤੋਂ ਬਾਅਦ ਅੱਜ ਦੁਪਹਿਰ ਬਾਅਦ ਧੁੱਪ ਨਿਕਲਣ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਉੱਥੇ ਸ਼ਹਿਰ ਵਿਚ ਕੂੜਾ ਅਤੇ ਡੰਪਾਂ ਦੀ ਸਫ਼ਾਈ ਨੂੰ ਲੈ ਕੇ ਵੀ ਨਿਗਮ ਪ੍ਰਸ਼ਾਸਨ ਲਈ ਹੁਣ ਵੱਡੀ ਚੁਨੌਤੀ ਹੋਵੇਗੀ | ਚਾਹੇ ਅਜੇ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਧੁੱਪ ਨਿਕਲਣ ਤੋਂ ਬਾਅਦ ਡੰਪਾਂ ਦੀ ਸਫ਼ਾਈ ਤੋਂ ਇਲਾਵਾ ਵਰਿਆਣਾ ਡੰਪ ਦੀ ਸਫ਼ਾਈ ਲਈ ਨਿਗਮ ਪ੍ਰਸ਼ਾਸਨ ਨੂੰ ਹੋਰ ਕਦਮ ਉਠਾਉਣੇ ਪੈਣਗੇ | ਲਗਾਤਾਰ ਮੀਂਹ ਪੈਣ ਕਰਕੇ ਕਈ ਥਾਵਾਂ 'ਤੇ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਹੁੰਦਾ ਰਿਹਾ ਹੈ ਜਿਸ ਕਰਕੇ ਹੁਣ ਉਸ ਜਗਾ 'ਤੇ ਗੰਦਾ ਪਾਣੀ ਖੜ੍ਹਾ ਹੋ ਗਿਆ ਹੈ ਜਿੱਥੇ ਕਿ ਮੱਛਰਾਂ ਦੀ ਫ਼ੈਕਟਰੀ ਬਣਨ ਨੂੰ ਵੀ ਜ਼ਿਆਦਾ ਸਮਾਂ ਨਹੀਂ ਲੱਗੇਗਾ | ਨਿਗਮ ਨੂੰ ਹੁਣ ਇਨ੍ਹਾਂ ਥਾਵਾਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਡੰਪਾਂ ਅਤੇ ਹੋਰ ਥਾਵਾਂ 'ਤੇ ਡੇਂਗੂ ਤੋਂ ਬਚਾਅ ਲਈ ਬਕਾਇਦਾ ਫੋਗਿੰਗ ਵੀ ਜੰਗੀ ਪੱਧਰ 'ਤੇ ਸ਼ੁਰੂ ਕਰਵਾਉਣੀ ਪਏਗੀ ਕਿਉਂਕਿ ਅਜੇ ਵੀ ਕਈ ਥਾਵਾਂ ਤੋਂ ਪੂਰੀ ਤਰਾਂ ਨਾਲ ਪਾਣੀ ਦੀ ਨਿਕਾਸੀ ਨਹੀਂ ਹੋਈ ਹੈ | ਨਿਗਮ ਪ੍ਰਸ਼ਾਸਨ ਵੱਲੋਂ ਚਾਹੇ ਕਈ ਦਿਨ ਪਹਿਲਾਂ ਫੌਗਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਅਜੇ ਵੀ ਕਈ ਇਲਾਕੇ ਹਨ ਜਿੱਥੇ ਕਿ ਫੌਗਿੰਗ ਕਰਵਾਈ ਜਾਣੀ ਹੈ | ਸ਼ੈਰੀ ਚੱਢਾ ਆਪਣੇ ਵੱਲੋਂ ਇਲਾਕੇ ਵਿਚ ਜ਼ਰੂਰ ਆਪਣੇ ਖ਼ਰਚੇ 'ਤੇ ਫੌਗਿੰਗ ਕਰਵਾ ਚੁੱਕੇ ਹਨ |