ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)-ਬਰਸਾਤੀ ਮਹੀਨਿਆਂ ਦੌਰਾਨ ਸੱਪ ਦੇ ਡੰਗਣ ਦੇ ਮਾਮਲੇ ਵਧ ਜਾਂਦੇ ਹਨ, ਜਿਸ ਦਾ ਕਾਰਨ ਹੈ ਕਿ ਮੀਂਹ ਕਾਰਨ ਸੱਪ ਆਪਣਾ ਨਿਵਾਸ ਸਥਾਨ ਬਦਲ ਕੇ ਮਨੁੱਖੀ ਬਸਤੀਆਂ ਵੱਲ ਆ ਜਾਂਦੇ ਹਨ, ਜੋ ਕਈ ਵਾਰ ਮਨੁੱਖ ਨੂੰ ਡੰਗ ਲੈਂਦੇ ਹਨ | ਇਸ ਸਬੰਧੀ ਸਿਹਤ ਵਿਭਾਗ ਵਲੋਂ 15 ਸਤੰਬਰ ਤੋਂ 19 ਸਤੰਬਰ ਤੱਕ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ | ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਸੱਪ ਦੇ ਡੰਗਣ 'ਤੇ ਲੋਕਾਂ ਦੀ ਪ੍ਰਤੀਕਿਰਿਆ ਸੱਪ ਦੇ ਡੰਗਣ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਹੈ | ਅੱਜ ਵੀ ਬਹੁਤ ਸਾਰੇ ਲੋਕ ਤਾਂਤਰਿਕਾਂ, ਟੂਣੇ-ਟੋਟਕਿਆਂ ਜਾਂ ਘਰੇਲੂ ਉਹੜ-ਤੋਹੜ 'ਤੇ ਵਿਸ਼ਵਾਸ ਕਰਦੇ ਹਨ | ਇਸ ਪ੍ਰਕਿਰਿਆ 'ਚ, ਜ਼ਹਿਰ ਸਰੀਰ 'ਚ ਫ਼ੈਲ ਜਾਂਦਾ ਹੈ ਅਤੇ ਫਿਰ ਇਲਾਜ ਮੁਸ਼ਕਲ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੱਪ ਦੇ ਡੰਗਣ ਦੇ ਪਹਿਲੇ 60 ਮਿੰਟਾਂ 'ਚ ਇਲਾਜ ਕੀਤਾ ਜਾਵੇ, ਤਾਂ ਪੀੜਤ ਦੀ ਜਾਨ ਬਚਾਉਣਾ ਆਸਾਨ ਹੈ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਦੀ ਐਮਰਜੈਂਸੀ 'ਚ ਸੱਪ ਦੇ ਜ਼ਹਿਰ ਵਿਰੋਧੀ ਟੀਕਿਆਂ ਦਾ ਪੂਰਾ ਸਟਾਕ ਉਪਲਬਧ ਹੈ ਅਤੇ ਸਿਖਲਾਈ ਪ੍ਰਾਪਤ ਡਾਕਟਰ 24 ਘੰਟੇ ਤਾਇਨਾਤ ਹਨ | ਡਾ. ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ, ਸਿੱਧੇ ਹਸਪਤਾਲ ਆਉਣਾ ਚਾਹੀਦਾ ਹੈ | ਇਸ ਦਾ ਇਲਾਜ ਬਿਲਕੁੱਲ ਮੁਫ਼ਤ ਹੈ | ਸੱਪ ਦੇ ਕੱਟਣ 'ਤੇ ਤੁਰੰਤ ਡਾਕਟਰੀ ਮਦਦ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਇਲਾਜ ਨਾਲ ਜਾਨ ਬਚਾਈ ਜਾ ਸਕਦੀ ਹੈ | ਆਪਣੇ ਆਪ ਦਵਾਈ ਨਾ ਲਓ ਅਤੇ ਘਰੇਲੂ ਉਪਾਅ 'ਚ ਸਮਾਂ ਬਰਬਾਦ ਨਾ ਕਰੋ | ਤੁਰੰਤ 104 ਨੰਬਰ 'ਤੇ ਐਂਬੂਲੈਂਸ ਨੂੰ ਕਾਲ ਕਰੋ ਅਤੇ ਜਿੰਨੀ ਜਲਦੀ ਹੋ ਸਕੇ, ਵਿਅਕਤੀ ਨੂੰ ਨੇੜੇ ਦੇ ਹਸਪਤਾਲ ਲੈ ਜਾਓ |