ਜਲੰਧਰ, 27 ਸਤੰਬਰ (ਚੰਦੀਪ ਭੱਲਾ)-ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿੱਤੀ ਸਾਲ 2025- 2026 ਦੀ ਸਲਾਨਾ ਕਰਜ਼ਾ ਯੋਜਨਾ ਦੀ 30 ਜੂਨ 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ ¢ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਰੋਹਿਤ ਜਿੰਦਲ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ ਨੂੰ ਆਸਾਨ ਤਰੀਕੇ ਨਾਲ ਕਰਜ਼ੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ ¢ ਮੀਟਿੰਗ ਦੇ ਕਨਵੀਨਰ ਐਲ.ਡੀ.ਐਮ.ਐਮ. ਐੱਸ. ਮੋਤੀ ਨੇ ਦੱਸਿਆ ਕਿ ਬੈਂਕਾਂ ਨੇ 30 ਜੂਨ , 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਤਰਜੀਹੀ ਖੇਤਰ ਟੀਚੇ 4216 ਕਰੋੜ ਸਾਹਮਣੇ 7983 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਹਨ ਅਤੇ ਤਿਮਾਹੀ ਦੇ ਸਾਰੇ ਕਰਜ਼ ਟੀਚੇ ਪੂਰੇ ਕਰ ਲਏ ਗਏ ਹਨ¢ ਖੇਤੀਬਾੜੀ ਕਰਜ਼ੇ ਦੇ 1148 ਕਰੋੜ ਟੀਚੇ ਦੇ ਸਾਹਮਣੇ 1319 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ, ਜੋ ਕਿ ਟੀਚੇ ਦਾ 114.89 ਫ਼ੀਸਦੀ ਹੈ¢ ਜੂਨ ਤਿਮਾਹੀ ਦੇ ਅਖੀਰ ਤੱਕ ਕੁੱਲ ਕਰਜ਼ੇ 11206 ਕਰੋੜ ਰੁਪਏ ਦੇ ਵੰਡੇ ਗਏ ਹਨ ¢ ਮੀਟਿੰਗ ਵਿਚ ਰਿਜ਼ਰਵ ਬੈਂਕ ਆਫ਼ ਇੰਡੀਆ ਚੰਡੀਗੜ੍ਹ ਤੋਂ ਅਲੋਕ ਰੰਜਨ ਐਲ. ਡੀ. ਓ, ਯੂਕੋ ਬੈਂਕ ਜ਼ੋਨਲ ਆਫ਼ਿਸ ਤੋਂ ਚੀਫ਼ ਮੈਨੇਜਰ ਸਵਪਨਿਲ ਮਿਸ਼ਰਾ, ਰੂਡਸੈੱਟ ਦੇ ਡਾਇਰੈਕਟਰ ਸੰਜੀਵ ਚੌਹਾਨ, ਜ਼ਿਲ੍ਹਾ ਖੇਤੀਬਾੜੀ, ਬਾਗ਼ਬਾਨੀ, ਮੱਛੀ ਪਾਲਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ ¢