ਮਕਸੂਦਾਂ, 5 ਦਸੰਬਰ (ਸੌਰਵ ਮਹਿਤਾ)-ਨਿਊ ਅਮਰਦਾਸ ਨਗਰ 'ਚ ਵੀਰਵਾਰ ਰਾਤ ਸਫਾਈ ਲਈ ਆਈ ਸੁਪਰ ਸੈਕਸ਼ਨ ਮਸ਼ੀਨ (ਵੈਕਿਊਮ ਟਰੱਕ) ਨੂੰ ਲੈ ਕੇ ਤਣਾਅ ਦੀ ਸਥਿਤੀ ਬਣ ਗਈ | ਜਾਣਕਾਰੀ ਮੁਤਾਬਿਕ ਵਾਰਡ ਨੰਬਰ 1 ਦੇ ਕੌਂਸਲਰ ਪਤੀ ਗੌਰਵ ਸ਼ਰਮਾ ਨੋਨੀ ਅਤੇ ਉੱਥੋਂ ਹੀ ਚੋਣ ਲੜੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਪਤੀ ਇੰਦਰਜੀਤ ਸਿੰਘ 'ਚ ਮਸ਼ੀਨ ਨੂੰ ਲੈ ਕੇ ਬਹਿਸ ਹੋ ਗਈ, ਜੋ ਕੁਝ ਸਮੇਂ ਬਾਅਦ ਹੱਥੋਪਾਈ ਤੱਕ ਪਹੁੰਚ ਗਈ | ਨੋਨੀ ਸ਼ਰਮਾ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਮਸ਼ੀਨ ਭੇਜਣ ਦੀ ਮੰਗ ਕਰ ਰਹੇ ਸਨ | ਜਦੋਂ ਰਾਤ ਨੂੰ ਮਸ਼ੀਨ ਇਲਾਕੇ 'ਚ ਪਹੁੰਚੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਮੌਕੇ 'ਤੇ ਬੁਲਾਇਆ | ਇਸ ਤੋਂ ਕੁਝ ਸਮੇਂ ਬਾਅਦ ਇੰਦਰਜੀਤ ਸਿੰਘ ਆਪਣੇ ਸਾਥੀਆਂ ਨਾਲ ਪਹੁੰਚ ਗਿਆ ਅਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨ ਲੱਗਾ | ਬਹਿਸ ਦੌਰਾਨ ਤਣਾਅ ਵੱਧ ਗਿਆ ਅਤੇ ਦੋਵੇਂ ਧਿਰਾਂ ਦੇ ਵਿਚਕਾਰ ਧੱਕਾ-ਮੁੱਕੀ ਹੋ ਗਈ | ਨੋਨੀ ਸ਼ਰਮਾ ਦਾ ਦਾਅਵਾ ਹੈ ਕਿ ਇੰਦਰਜੀਤ ਸਿੰਘ ਨਾਲ ਕੁਝ ਬਾਹਰੀ ਨੌਜਵਾਨ ਵੀ ਸਨ | ਹੱਥੋਪਾਈ ਦੌਰਾਨ ਇੱਕ ਨੌਜਵਾਨ ਦੀ ਰਿਵਾਲਵਰ ਹੱਥੋਂ ਡਿੱਗ ਪਈ, ਪਰ ਮੌਕੇ 'ਤੇ ਬਚਾਅ ਰਿਹਾ ਕਿ ਕੋਈ ਗੋਲੀ ਨਹੀਂ ਚੱਲੀ | ਭਗਦੜ ਮਚਣ 'ਤੇ ਨੋਨੀ ਸ਼ਰਮਾ ਨੇ ਜ਼ਮੀਨ 'ਤੇ ਡਿੱਗੀ ਰਿਵਾਲਵਰ ਚੁੱਕ ਕੇ ਆਪਣੇ ਕਬਜ਼ੇ 'ਚ ਕਰ ਲਈ | ਸਾਰੇ ਝਗੜੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਨੋਨੀ ਸ਼ਰਮਾ ਨੇ ਰਿਵਾਲਵਰ ਪੁਲਿਸ ਦੇ ਹਵਾਲੇ ਕਰ ਦਿੱਤੀ | ਦੂਜੇ ਪਾਸੇ, ਇੰਦਰਜੀਤ ਸਿੰਘ ਨੂੰ ਕਈ ਵਾਰੀ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਾ ਪੱਖ ਸਾਹਮਣੇ ਨਹੀਂ ਆ ਸਕਿਆ | ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਦੇ ਮੁਤਾਬਕ ਇੰਦਰਜੀਤ ਸਿੰਘ ਨੇ ਨੋਨੀ ਸ਼ਰਮਾ 'ਤੇ ਸੋਨੇ ਦੀ ਚੇਨ ਖੋਹ ਕਰਨ, ਧਮਕੀਆਂ ਦੇਣ ਅਤੇ ਰਿਵਾਲਵਰ ਖੋਹ ਕਰਨ ਦੇ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ, ਜਦੋਂਕਿ ਨੋਨੀ ਸ਼ਰਮਾ ਵਲੋਂ ਦੇਰ ਰਾਤ ਤਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ ਸੀ | ਉੱਥੇ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |