ਨਗਰ ਕੀਰਤਨ ਸੰਬੰਧੀ ਲੱਗੇ ਬੋਰਡ ਪਾੜਨ ਦੇ ਮਾਮਲੇ 'ਚ 1 ਵਿਅਕਤੀ ਗਿ੍ਫ਼ਤਾਰ
ਅਜੀਤ ਡੈਸਕ
25-12-2025
• ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਸਾਜਿਸ਼ ਕਰਨ ਵਾਲੇ ਨੂੰ ਕਾਬੂ ਨਾ ਕੀਤਾ ਗਿਆ ਤਾਂ ਕਰਾਂਗੇ ਸੰਘਰਸ਼-ਸ਼ੈਰੀ ਚੱਢਾ
ਜਲੰਧਰ, 24 ਦਸੰਬਰ (ਐੱਮ. ਐੱਸ. ਲੋਹੀਆ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਾ ਸੁਨੇਹਾ ਦੇਣ ਲਈ ਦੁਮੋਰੀਆ ਪੁਲ ਨੇੜੇ ਲੱਗੇ ਬੋਰਡ ਨੂੰ ਪਾੜਦੇ ਹੋਏ ਇਕ ਵਿਅਕਤੀ ਨੂੰ ਕਾਬੂ ਕਰਕੇ ਸ਼ਹਿਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ | ਇਸ ਮੌਕੇ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਕੌਂਸਲਰ ਸ਼ੈਰੀ ਚੱਢਾ, ਚਰਨਜੀਤ ਸਿੰਘ ਮਿੰਟਾ ਅਤੇ ਹੋਰਾਂ ਨੇ ਜਾਣਾਕਰੀ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਵਲੋਂ ਸੂਚਿਤ ਕੀਤਾ ਗਿਆ ਸੀ ਕਿ ਇਕ ਵਿਅਕਤੀ ਨਗਰ ਕੀਰਤਨ ਸੰਬੰਧੀ ਲਗਾਏ ਗਏ ਬੋਰਡਾਂ ਨੂੰ ਪਾੜ ਕੇ ਉਨ੍ਹਾਂ ਦੀ ਬੇਅਦਬੀ ਕਰ ਰਿਹਾ ਹੈ | ਜਦੋਂ ਧਾਰਮਿਕ ਬੋਰਡਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਤਾਂ ਸ਼ਹਿਰਵਾਸੀ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਇਸ ਦਾ ਵਿਰੋਧ ਕਰਨ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਵਲੋਂ ਬੇਅਦਬੀ ਕਰਨ ਵਾਲੇ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਉਸ ਕੋਲੋਂ ਅਜਿਹੀ ਵਾਰਦਾਤ ਕਰਨ ਪਿੱਛੇ ਸ਼ਾਮਿਲ ਵਿਅਕਤੀਆਂ ਬਾਰੇ ਪੁੱਛਗਿੱਛ ਕਰਨ ਲੱਗੇ | ਇਸ ਘਟਨਾ ਨਾਲ ਸ਼ਹਿਰ 'ਚ ਤਣਾਅ ਦਾ ਮਾਹੌਲ ਬਣ ਗਿਆ | ਮਾਮਲੇ ਦੀ ਜਾਂਚ ਕਰਨ ਲਈ ਏ. ਡੀ. ਸੀ. ਪੀ. ਆਕਰਸ਼ੀ ਜੈਨ, ਏ. ਡੀ. ਸੀ. ਪੀ. ਗੁਰਬਾਜ ਸਿੰਘ, ਏ.ਸੀ.ਪੀ. ਸੰਜੇ ਕੁਮਾਰ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ | ਆਗੂਆਂ ਨੇ ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨ ਲੱਗੇ | ਸ. ਬਿੱਟੂ ਨੇ ਕਿਹਾ ਕਿ ਇਹ ਇਕ ਵੱਡੀ ਸਾਜਿਸ਼ ਹੈ, ਜਿਸ ਤਹਤਿ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਦੇ ਲਗਾਏ ਕਰੀਬ 25 ਬੋਰਡ ਉਤਾਰੇ ਗਏ ਸਨ ਅਤੇ ਹੁਣ ਵੀ ਅਜਿਹੀ ਸਾਜਿਸ਼ ਤਹਿਤ ਹੀ ਕਰੀਬ 22 ਬੋਰਡ ਉਤਾਰੇ ਗਏ ਹਨ | ਕੌਂਸਲਰ ਸ਼ੈਰੀ ਚੱਢਾ ਨੇ ਇਸ ਵਾਰਦਾਤ ਨੂੰ ਆਪਸੀ ਭਾਈਚਾਰੇ ਨੂੰ ਖ਼ਰਾਬ ਕਰਨ ਦੀ ਸਾਜਿਸ਼ ਦੱਸਿਆ ਅਤੇ ਮੰਗ ਕੀਤੀ ਕਿ ਇਸ ਸਾਜਿਸ਼ ਪਿੱਛੇ ਜੋ ਵਿਅਕਤੀ ਵੀ ਹਨ, ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਵੇ | ਸ਼ੈਰੀ ਚੱਢਾ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਸ ਸਾਜਿਸ਼ 'ਚ ਸ਼ਾਮਿਲ ਹੋਰ ਵਿਅਕਤੀਆਂ ਨੂੰ ਕਾਬੂ ਨਹੀਂ ਕਰੇਗਾ, ਤਾਂ ਉਹ ਇਨਸਾਫ਼ ਲਈ ਸੰਘਰਸ਼ ਕਰਨਗੇ | ਕਾਰਵਾਈ ਦੀ ਮੰਗ ਕਰਦੇ ਹੋਏ ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ | ਏ. ਡੀ. ਸੀ. ਪੀ. ਆਕਰਸ਼ੀ ਜੈਨ ਨੇ ਜਾਣਕਾਰੀ ਦਿੱਤੀ ਕਿ ਪਰਦੀਪ ਕੁਮਾਰ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਕੇ ਇਸ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਗੁਰਜੀਤ ਸਿੰਘ ਟੱਕਰ, ਦਿਲਬਾਗ ਸਿੰਘ ਪ੍ਰੀਤ ਨਗਰ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ |