ਜਲੰਧਰ, 24 ਦਸੰਬਰ (ਚੰਦੀਪ ਭੱਲਾ)-ਲੁਧਿਆਣਾ ਦੇ ਓਸਵਾਲ ਗਰੁੱਪ ਦੇ ਮਾਲਕ ਐੱਸ.ਪੀ.ਓਸਵਾਲ ਨੂੰ ਨਕਲੀ ਸੀ.ਬੀ.ਆਈ ਅਧਿਕਾਰੀ ਬਣ ਕੇ ਡਿਜੀਟਲ ਅਰੈਸਟ ਕਰ ਕੇ ਉਸ ਨਾਲ 7 ਕਰੋੜ ਦੀ ਠੱਗੀ ਕੀਤੇ ਜਾਣ ਦੇ ਮਾਮਲੇ 'ਚ ਅੱਜ ਈ. ਡੀ ਪੰਜਾਬ (ਇਨਫੋਰਸਮੈਂਟ ਡਾਇਰੈਕੋਰੇਟ) ਵਲੋਂ ਮਨੀ ਲਾਂਡਰਿੰਗ ਐਕਟ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਠੱਗੀ ਕਰਨ ਵਾਲੇ ਗਰੁੱਪ ਦੀ ਇੱਕ ਮੈਂਬਰ ਰੂਮੀ ਕਾਲਿਤਾ ਨੂੰ ਗੁਹਾਟੀ ਤੋਂ ਟਰਾਂਜਿਟ ਰਿਮਾਂਡ 'ਤੇ ਲਿਆ ਕੇ ਜਲੰਧਰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਦੀ ਅਦਾਲਤ 'ਚ ਪੇਸ਼ ਕਰਕੇ ਉਸ ਦਾ 10 ਦਿਨ ਦਾ ਰਿਮਾਂਡ ਮੰਗਿਆ ਗਿਆ | ਈ.ਡੀ. ਦੇ ਵਕੀਲ ਅਜੇ ਪਠਾਨੀਆ ਨੇ ਅਦਾਲਤ 'ਚ ਇਸ ਠੱਗੀ ਨਾਲ ਸੰਬੰਧਿਤ ਅਤੇ ਪੈਸਿਆਂ ਨੂੰ ਖਾਤਿਆਂ 'ਚ ਟਰਾਂਸਫਰ ਕੀਤੇ ਜਾਣ ਸੰਬੰਧੀ ਸਬੂਤ ਵੀ ਪੇਸ਼ ਕੀਤੇ ਤੇ ਕਿਹਾ ਕਿ ਇਹ ਪੈਸੇ ਦੋ ਖਾਤਿਆਂ 'ਚ ਟਰਾਂਸਫਰ ਕੀਤੇ ਗਏ ਸਨ ਤੇ ਜਿਸ ਖਾਤੇ 'ਚੋਂ 4 ਕਰੋੜ ਰੁਪਏ ਮਿਲੇ ਸਨ ਉਹ ਖਾਤਾ ਮੈਸਰਜ਼ ਫਰੋਜ਼ਨਮੈਨ ਵੇਅਰ ਹਾਊਸਿੰਗ ਐਂਡ ਲੌਜਿਸਟਿਕਸ ਦੇ ਨਾਂਅ ਦਾ ਸੀ ਅਤੇ ਇਸ ਦਾ ਭਾਈਵਾਲ ਅਤਨੂ ਚੌਧਰੀ ਸੀ ਤੇ ਇਹ ਖਾਤਾ ਦੋਸ਼ੀ ਵਲੋਂ ਚਲਾਇਆ ਜਾ ਰਿਹਾ ਸੀ, ਬਾਕੀ ਤਿੰਨ ਕਰੋੜ ਰੁਪਏ ਮੈਸਰਜ਼ ਰਿਗਲੋ ਵੈਂਚਰਜ਼ ਪ੍ਰਾਈਵੇਟ ਲਿਮੀਟੇਡ ਦੇ ਨਾਂਅ 'ਤੇ ਸੀ ਇਸ ਲਈ ਦੋਸ਼ੀ ਕੋਲੋਂ ਕਾਫੀ ਪੁੱਛਗਿੱਛ ਦੀ ਲੋੜ ਹੈ ਤੇ ਅਦਾਲਤ ਨੇ ਇਨ੍ਹਾਂ ਸਬੂਤਾਂ ਨੂੰ ਵੇਖਦੇ ਹੋਏ ਦੋਸ਼ੀ ਦਾ 10 ਦਿਨ ਰਿਮਾਂਡ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ | ਈ.ਡੀ ਦੇ ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਕੋਲੋਂ ਕਾਫੀ ਅਹਿਮ ਜਾਣਕਾਰੀਆਂ ਹਾਸਿਲ ਹੋ ਸਕਦੀਆਂ ਹਨ ਕਿ ਇਸ ਗੈਂਗ ਵਲੋਂ ਐੱਸ.ਪੀ.ਓਸਵਾਲ ਤੋਂ ਇਲਾਵਾ ਹੋਰ ਕਿੰਨਾਂ ਵਿਅਕਤੀਆਂ ਨਾਲ ਅਜਿਹੀਆਂ ਠੱਗੀਆਂ ਕੀਤੀਆਂ ਗਈਆਂ ਸਨ | ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਰੂਮੀ ਨੂੰ ਗੁਹਾਟੀ ਅਦਾਲਤ ਤੋਂ 27 ਦਸੰਬਰ ਤੱਕ ਸ਼ਾਮ 5 ਵਜੇ ਤੱਕ ਟਰਾਂਜਿਟ ਰਿਮਾਂਡ ਹਾਸਿਲ ਕਰਕੇ ਲਿਆਂਦਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸ ਸੰਬੰਧੀ ਲੁਧਿਆਣਾ ਸਾਈਬਰ ਸ਼ਾਖਾ ਵਲੋਂ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਸੀ | ਵਕੀਲ ਅਜੇ ਪਠਾਨੀਆ ਨੇ ਅਦਾਲਤ ਨੂੰ ਦੱਸਿਆ ਕਿ ਦਿਨੋਂ ਦਿਨ ਡਿਜੀਟਲ ਅਰੈਸਟ ਅਤੇ ਸਾਈਬਰ ਠੱਗੀ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਤੇ ਸਿੱਧੇ ਅੱਖਾਂ ਨਾਲ ਇਹ ਅਪਰਾਧ ਨਹੀਂ ਵੇਖਿਆ ਜਾ ਸਕਦਾ ਹੈ ਤੇ ਇਸ ਨੂੰ ਬਾਰੀਕੀ ਨਾਲ ਤਫਤੀਸ਼ ਕਰਕੇ ਵੇਖਿਆ ਜਾਣਾ ਅਤੇ ਇਨ੍ਹਾਂ ਠੱਗੀ ਕਰਨ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾਣਾ ਬਹੁਤ ਜ਼ਰੂਰੀ ਹੈ |