ਮਕਸੂਦਾਂ. 27 ਦਸੰਬਰ (ਸੌਰਵ ਮਹਿਤਾ)-ਨਿਊ ਹਰਿਗੋਬਿੰਦ ਨਗਰ ਇਲਾਕੇ ਤੋਂ ਇੱਕ ਨਾਬਾਲਗ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਰਿਵਾਰ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਇਲਾਕੇ ਦੇ ਹੀ ਇੱਕ ਨੌਜਵਾਨ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਕ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਨਾਬਾਲਗ ਧੀ ਸ਼ਾਮ ਦੇ ਸਮੇਂ ਕਿਸੇ ਕੰਮ ਨਾਲ ਘਰ ਤੋਂ ਬਾਹਰ ਗਈ ਸੀ, ਪਰ ਦੇਰ ਰਾਤ ਤੱਕ ਵਾਪਸ ਨਹੀਂ ਆਈ | ਪਰਿਵਾਰਕ ਮੈਂਬਰਾਂ ਨੇ ਪਹਿਲਾਂ ਆਪਣੇ ਪੱਧਰ 'ਤੇ ਲੜਕੀ ਦੀ ਕਾਫ਼ੀ ਤਲਾਸ਼ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ | ਇਸ ਦੌਰਾਨ ਪਰਿਵਾਰ ਨੂੰ ਕਿਸੇ ਜਾਣਕਾਰ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਨੂੰ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਸੁਦੀਪ ਕੁਮਾਰ ਨਾਲ ਦੇਖਿਆ ਗਿਆ ਸੀ | ਇਸ ਤੋਂ ਬਾਅਦ ਪਰਿਵਾਰਕ ਮੈਂਬਰ ਸੁਦੀਪ ਦੇ ਘਰ ਗਏ, ਪਰ ਉੱਥੇ ਵੀ ਉਹ ਗ਼ਾਇਬ ਮਿਲਿਆ | ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਸ਼ੱਕ ਜਤਾਇਆ ਕਿ ਸੁਦੀਪ ਨੇ ਹੀ ਉਨ੍ਹਾਂ ਦੀ ਨਾਬਾਲਗ ਧੀ ਨੂੰ ਗੱਲਾਂ 'ਚ ਲੈ ਕੇ ਆਪਣੇ ਨਾਲ ਲੈ ਗਿਆ ਹੈ | ਸ਼ਿਕਾਇਤ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਸੁਦੀਪ ਕੁਮਾਰ, ਵਾਸੀ ਨਿਊ ਹਰਿਗੋਬਿੰਦ ਨਗਰ, ਖ਼ਿਲਾਫ਼ ਅਗਵਾ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ |