ਜਲੰਧਰ, 28 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਹਰਿਗੋਬਿੰਦ ਸਾਹਿਬ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਬਸਤੀ ਸ਼ੇਖ਼ ਵਿਖੇ ਕਲਗ਼ੀਧਰ ਪਿਤਾ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਸਮਾਗਮ ਸ਼ਰਧਾ ਤੇ ਸਤਿਕਾਰ ਸਹਿਤ ਮਨਾਏ ਗਏ | 21 ਤੋਂ 27 ਦਸੰਬਰ ਤੱਕ ਲਗਾਤਾਰ ਕਰਵਾਏ ਇਨ੍ਹਾਂ ਸਮਾਗਮਾਂ 'ਚ ਨਾਮ ਸਿਮਰਨ, ਗੁਰਮਤਿ ਕਥਾ, ਕੀਰਤਨ ਤੇ ਕਾਵਿ ਰਚਨਾਵਾਂ ਰਾਹੀਂ ਸੰਗਤਾਂ ਨੇ ਆਪਣੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕੀਤਾ | ਸੰਗਤਾਂ ਨੇ ਮਹਾਨ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਸਿਜਦਾ ਕੀਤਾ | ਇਸ ਲੜੀ ਤਹਿਤ 26 ਦਸੰਬਰ ਦੀ ਰਾਤ ਵਿਸ਼ੇਸ਼ ਤੌਰ 'ਤੇ ਬੱਚਿਆਂ ਦਾ ਕਵੀ ਦਰਬਾਰ ਕਰਵਾਇਆ, ਜਿਸ 'ਚ ਤਕਰੀਬਨ 50 ਤੋਂ ਵੱਧ ਬੱਚਿਆਂ ਨੇ ਸ਼ਹੀਦਾਂ ਦੀ ਯਾਦ 'ਚ ਵੱਖ-ਵੱਖ ਕਵਿਤਾਵਾਂ ਪੇਸ਼ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਟੀਟੂ, ਜਨਰਲ ਸਕੱਤਰ ਹਰਜੀਤ ਸਿੰਘ ਬਾਬਾ, ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਤਰਲੋਚਨ ਸਿੰਘ ਛਾਬੜਾ, ਪਿ੍ਤਪਾਲ ਸਿੰਘ ਲੱਕੀ, ਜਸਪ੍ਰੀਤ ਸਿੰਘ ਹਨੀ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੀਆਂ ਸੰਗਤ ਹਾਜ਼ਰ ਸਨ |