ਗੁਰਦੁਆਰਾ ਅਮਨ ਨਗਰ ਵਿਖੇ ਕਰਵਾਇਆ ਵਿਸ਼ੇਸ ਗੁਰਮਤਿ ਸਮਾਗਮ
ਅਜੀਤ ਡੈਸਕ
29-12-2025
ਜਲੰਧਰ, 28 ਦਸੰਬਰ (ਹਰਵਿੰਦਰ ਸਿੰਘ ਫੁੱਲ)-ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਅਮਨ ਨਗਰ ਟਾਂਡਾ ਰੋਡ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ | ਸਮਾਗਮ ਦੌਰਾਨ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖ ਕੇ ਵੱਖ-ਵੱਖ ਅਕੈਡਮੀਆਂ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਅਕੈਡਮੀ ਜਲੰਧਰ, ਮੀਰੀ ਪੀਰੀ ਅਕੈਡਮੀ ਗੁਰਦੁਆਰਾ ਸੁਖਚੈਨ ਆਨਾ ਸਾਹਿਬ ਫਗਵਾੜਾ, ਗੁਰਦੁਆਰਾ ਸਿੰਘ ਸਭਾ ਰੇਰੂ ਦੇ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਸਿੰਘ ਸਿੰਘਣੀਆਂ ਦੀਆਂ ਮਹਾਨ ਸ਼ਹਾਦਤਾਂ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਬੀਰ ਰਸੀ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਗ਼ੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਨੂੰ ਗਲੇ ਲਾਉਣ ਦੇ ਫ਼ੈਸਲੇ ਨੇ ਮੌਕੇ ਦੀ ਹਕੂਮਤ ਨੂੰ ਝੰਜੋੜ ਕੇ ਰੱਖ ਦਿੱਤਾ ਜਦੋਂ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ ਅਤੇ ਸਿੱਖੀ ਦੇ ਮਹਾਨ ਫਿਲਾਸਫੇ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਏ ਮਾਰਗ ਨੂੰ ਪਰਪੱਕਤਾ ਨਾਲ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਅੱਜ ਸਾਰਾ ਸੰਸਾਰ ਉਨ੍ਹਾਂ ਮਹਾਨ ਸੂਰਮਿਆਂ ਯੋਧਿਆਂ ਨੂੰ ਸਿਜਦਾ ਕਰਦਾ ਹੋਇਆ ਯਾਦ ਕਰ ਰਿਹਾ ਹੈ | ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕਿਲ੍ਹਾ ਸ੍ਰੀ ਅਨੰਦਗੜ੍ਹ ਛੱਡਣ, ਪਰਿਵਾਰ ਵਿਛੋੜਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੱਕ ਗੁਰ ਇਤਿਹਾਸ ਰਾਹੀਂ ਸੰਗਤ ਨੂੰ ਜਾਗਰੂਕ ਕੀਤਾ ਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਕੈਡਮੀਆਂ ਦੇ ਸੰਚਾਲਕ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |