ਸੰਘਣੀ ਆਬਾਦੀ ਵਾਲੇ ਸ਼ਮਸ਼ਾਨਘਾਟਾਂ ਨੂੰ ਖੁੱਲ੍ਹੀਆਂ ਥਾਵਾਂ 'ਤੇ ਤਬਦੀਲ ਕਰਨ ਦੀ ਮੰਗ
ਅਜੀਤ ਡੈਸਕ
30-12-2025
ਜਲੰਧਰ, 29 ਦਸੰਬਰ (ਸ਼ਿਵ)-ਵਾਰਡ ਨੰਬਰ 66 ਦੇ ਕਾਂਗਰਸ ਦੇ ਕੌਂਸਲਰ ਗੁਰਵਿੰਦਰ ਸਿੰਘ ਬੰਟੀ ਤੇ ਕਾਂਗਰਸੀ ਆਗੂ ਮਹਿੰਦਰ ਸਿੰਘ ਗੁਲੂ ਨੇ ਮੇਅਰ ਵਨੀਤ ਧੀਰ ਨੂੰ ਇਕ ਮੰਗ ਪੱਤਰ ਦੇ ਕੇ ਉਨ੍ਹਾਂ ਦੇ ਵਾਰਡ 'ਚ ਪੈਂਦੇ ਹਰਨਾਮ ਦਾਸ ਪੁਰਾ ਸ਼ਮਸ਼ਾਨਘਾਟ ਦੀ ਜਗਾ ਤਬਦੀਲ ਕਰਨ ਦੀ ਮੰਗ ਕੀਤੀ ਹੈ | ਦਿੱਤੇ ਮੰਗ ਪੱਤਰ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਾਰਡ 'ਚ ਹਰਨਾਮਦਾਸਪੁਰਾ ਵਿਖੇ ਬਹੁਤ ਪੁਰਾਣਾ ਸ਼ਮਸ਼ਾਨਘਾਟ ਪੈਂਦਾ ਹੈ | ਇਹ ਇਲਾਕਾ ਹੁਣ ਕਾਫੀ ਸੰਘਣੀ ਆਬਾਦੀ ਵਾਲਾ ਹੋ ਗਿਆ ਹੈ ਅਤੇ ਇਸ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਕਾਫੀ ਵਾਰ ਸ਼ਿਕਾਇਤ ਆਈ ਹੈ ਕਿ ਇਥੇ ਟ੍ਰੈਫਿਕ ਤੇ ਪ੍ਰਦੂਸ਼ਣ ਦੀ ਸਮੱਸਿਆ ਬਣੀ ਰਹਿੰਦੀ ਹੈ | ਉਸ ਕਰਕੇ ਸਾਰੀਆਂ ਸੰਘਣੀ ਆਬਾਦੀਆਂ ਵਾਲੇ ਸ਼ਮਸ਼ਾਨ ਘਾਟਾਂ ਵਿਚ ਬਿਜਲੀ ਵਾਲੀ ਮਸ਼ੀਨ ਲਗਾ ਕੇ ਪ੍ਰਦੂਸ਼ਣ ਘੱਟ ਕਰਨ ਤੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਲਈ ਯਤਨ ਕੀਤੇ ਜਾਣ |
ਇਨ੍ਹਾਂ ਸ਼ਮਸ਼ਾਨਘਾਟਾਂ ਨੂੰ ਸੰਘਣੀ ਆਬਾਦੀ ਵਾਲੇ ਇਲਾਕਿਆਂ ਤੋਂ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਖੁੱਲ੍ਹੇ ਇਲਾਕਿਆਂ ਵਿਚ ਤਬਦੀਲ ਕੀਤਾ ਜਾਵੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਅਤੇ ਪ੍ਰਦੂਸ਼ਣ ਕਾਰਨ ਫੈਲਣ ਵਾਲੀ ਬਿਮਾਰੀ ਦੇ ਖ਼ਤਰੇ ਤੋਂ ਬੱਚਿਆ ਜਾ ਸਕੇ ਤੇ ਜੇਕਰ ਸੰਭਵ ਹੋਵੇ ਤੇ ਇਨ੍ਹਾਂ ਸ਼ਮਸ਼ਾਨਘਾਟਾਂ ਦੀ ਦੇਖ-ਰੇਖ ਨਗਰ ਨਿਗਮ ਵਲੋਂ ਆਪਣੇ ਪੱਧਰ 'ਤੇ ਕੀਤੀ ਜਾਵੇ |