ਸ੍ਰੀ ਮੁਕਤਸਰ ਸਾਹਿਬ, 1 ਜੂਨ (ਸੁਖਪਾਲ ਸਿੰਘ ਢਿੱਲੋਂ)-ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵਲੋਂ ਅੱਜ ਸਿਵਲ ਹਸਪਤਾਲ ਖੁਲ੍ਹਦਿਆਂ ਹੀ ਸਵੇਰੇ 8 ਵਜੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਕੁਝ ਸਟਾਫ਼ ਲੇਟ ਆਇਆ ਅਤੇ ਕੁਝ ਗੈਰ ਹਾਜ਼ਰ ਪਾਇਆ ਗਿਆ | ਗੈਰ ਹਾਜ਼ਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਮੌਕੇ 'ਤੇ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਅਤੇ ਸਟਾਫ਼ ਨੂੰ ਸਮੇਂ ਸਿਰ ਹਸਪਤਾਲ ਵਿਚ ਆਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ | ਇਸ ਮੌਕੇ ਉਨ੍ਹਾਂ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਅਤੇ ਐਮਰਜੈਂਸੀ ਸੇਵਾਵਾਂ ਲਈ ਕੀਤੇ ਗਏ ਢੁਕਵੇਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਸਿਰਫ਼ ਹਸਪਤਾਲ ਵਿਚੋਂ ਮਿਲਣ ਵਾਲੀਆਂ ਦਵਾਈਆਂ ਲਈ ਲਿਖੀਆਂ ਜਾਣ ਅਤੇ ਬਾਹਰ ਦੀ ਕੋਈ ਦਵਾਈ ਨਾ ਲਿਖੀ ਜਾਵੇ | ਉਨ੍ਹਾਂ ਵਲੋਂ ਸਟਾਫ਼ ਨੂੰ ਸਖ਼ਤ ਤਾੜਨਾ ਕੀਤੀ ਗਈ ਕਿ ਸਮੇਂ ਸਿਰ ਆਪਣੀ ਡਿਊਟੀ 'ਤੇ ਹਾਜ਼ਰ ਹੋਇਆ ਜਾਵੇ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਸਿਹਤ ਸਹੂਲਤਾਂ ਉਪਲਬਧ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ | ਇਸ ਮੌਕੇ ਡਾ. ਨਵਰਾਜ ਗੋਇਲ ਸੀਨੀਅਰ ਮੈਡੀਕਲ ਅਫ਼ਸਰ, ਸੁਨੀਲ ਸਿੰਗਲਾ ਸੀਨੀਅਰ ਫਾਰਮੇਸੀ ਅਫ਼ਸਰ, ਗੁਰਚਰਨ ਸਿੰਘ ਫਾਰਮੇਸੀ ਅਫ਼ਸਰ, ਸੁਨੀਤਾ ਸੀਨੀਅਰ ਫਾਰਮੇਸੀ ਅਫ਼ਸਰ, ਮਨਜੀਤ ਕੌਰ ਨਰਸਿੰਗ ਸਿਸਟਰ ਹਾਜ਼ਰ ਸਨ |