ਫ਼ਰੀਦਕੋਟ, 1 ਜੂਨ (ਜਸਵੰਤ ਸਿੰਘ ਪੁਰਬਾ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਨੇ ਜਾਅਲੀ ਆਧਾਰ ਕਾਰਡ ਬਣਾ ਕੇ ਦੋਸ਼ੀ ਦੀ ਜ਼ਮਾਨਤ ਦੇਣ ਦੇ ਮਾਮਲੇ ਤਹਿਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਅਨੁਸਾਰ ਥਾਣਾ ਸਿਟੀ ਫ਼ਰੀਦਕੋਟ ਵਿਖੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਟਹਿਣਾ ਵਲੋਂ ਇਕ ਦਰਖਾਸਤ ਮੌਸੂਲ ਹੋਈ ਕਿ ਉਸਦੀ ਜ਼ਮੀਨ ਪਿੰਡ ਟਹਿਣਾ 'ਚ ਹੈ ਅਤੇ ਜਦੋਂ ਉਹ ਨਿੱਜੀ ਕੰਮਾਂ ਲਈ ਜ਼ਮੀਨ ਦੀ ਜਮ੍ਹਾਬੰਦੀ ਕਢਵਾਉਣ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਜਮ੍ਹਾਬੰਦੀ 'ਤੇ ਲਿਖਿਆ ਗਿਆ ਕਿ ਉਸ ਦੇ ਲੜਕੇ ਅਰਸ਼ਦੀਪ ਸਿੰਘ ਨੇ ਕੈਦੀ ਚਰਨਜੀਤ ਸਿੰਘ ਉਰਫ਼ ਚੰਨੀ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਮੱਤਾ ਜ਼ਿਲ੍ਹਾ ਫ਼ਰੀਦਕੋਟ ਦੀ ਜ਼ਮਾਨਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਪਾਸ ਦਿੱਤੀ ਹੈ | ਜਿਸ ਦੀ ਪੜਤਾਲ ਕਰਨ 'ਤੇ ਉਸ ਨੂੰ ਪਤਾ ਲੱਗਾ ਉਸਦੇ ਲੜਕੇ ਅਰਸ਼ਦੀਪ ਸਿੰਘ ਦੇ ਨਾਂਅ 'ਤੇ ਕਿਸੇ ਹੋਰ ਵਿਅਕਤੀ ਨੇ ਆਪਣਾ ਜਾਅਲੀ ਆਧਾਰ ਕਾਰਡ ਬਣਾਇਆ ਹੈ | ਜਿਸ ਦੀ ਦਲਜੀਤ ਸਿੰਘ ਨੰਬਰਦਾਰ ਨੇ ਜ਼ਮਾਨਤੀਏ ਦੀ ਸ਼ਨਾਖਤ ਕੀਤੀ ਹੈ ਅਤੇ ਜਗਮੀਤ ਸਿੰਘ ਪੁੱਤਰ ਸ਼ਿਕੰਦਰ ਸਿੰਘ ਵਾਸੀ ਪਿੰਡ ਟਹਿਣਾ ਨੇ ਜ਼ਮਾਨਤ 'ਚ ਸਾਦੀ ਗਵਾਹੀ ਦਿੱਤੀ | ਇਸ ਦੇ ਨਾਲ ਹੀ ਸੁਖਦੀਪ ਸਿੰਘ ਜ਼ਿਲ੍ਹਾ ਕਚਹਿਰੀਆਂ ਫ਼ਰੀਦਕੋਟ 'ਚ ਕੰਮ ਕਰਦਾ ਹੈ ਅਤੇ ਗੁਰਪ੍ਰੀਤ ਸਿੰਘ ਉਰਫ਼ ਪੀਤਾ ਵੀ ਕਿਸੇ ਵਕੀਲ ਦਾ ਮੁਨਸ਼ੀ ਹੈ ਅਤੇ ਗੁਰਪ੍ਰੀਤ ਸਿੰਘ ਉਰਫ਼ ਪੀਤਾ ਅਤੇ ਸੁਖਦੀਪ ਸਿੰਘ ਨੇ ਹੀ ਉਕਤ ਵਿਅਕਤੀਆਂ ਨਾਲ ਸਾਜ ਬਾਜ ਹੋ ਕੇ ਜਾਅਲੀ ਆਧਾਰ ਕਾਰਡ ਬਣਾਇਆ ਅਤੇ ਕੈਦੀ ਚਰਨਜੀਤ ਸਿੰਘ ਚੰਨੀ ਦੀ ਜ਼ਮਾਨਤ ਭਰੀ ਗਈ | ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਵਿਚ 5 ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 222 ਮਿਤੀ 31.05.2025 ਅਧੀਨ ਧਾਰਾ 318(4), 61(2) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ | ਜਿਨ੍ਹਾਂ ਵਿਚੋਂ ਮੁੱਖ ਦੋਸ਼ੀ ਅਰਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਟਹਿਣਾ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਕਤ ਮੁਕੱਦਮੇ ਵਿਚ ਗਿ੍ਫਤਾਰ ਦੋਸ਼ੀ ਅਰਸ਼ਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ | ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ |