ਸ੍ਰੀ ਮੁਕਤਸਰ ਸਾਹਿਬ, 3 ਜੂਨ (ਸੁਖਪਾਲ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਵਫ਼ਦ ਵਲੋਂ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਵੰਦਨਾ ਬਾਂਸਲ, ਡਾ. ਸੁਨੀਲ ਬਾਂਸਲ, ਡਾ. ਪਵਨ ਮਿੱਤਲ, ਡਾ. ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ ਸਰਾਂ, ਸ਼ਮਿੰਦਰ ਸਿੰਘ, ਸੁਮਿਤ ਸਕਸੈਨਾ, ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਸੁਖਮੰਦਰ ਸਿੰਘ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਗੁਰਬਿੰਦਰ ਸਿੰਘ ਬਰਾੜ, ਮਿਸ਼ਨ ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਪੈਟਰਨ ਡਾ. ਸੁਰਿੰਦਰ ਗਿਰਧਰ, ਅਸਿਸਟੈਂਟ ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਵਿਕਰਾਂਤ ਤੇਰ੍ਹੀਆ, ਨਰਿੰਦਰ ਕਾਕਾ ਆਦਿ ਹਾਜ਼ਰ ਸਨ | ਮਿਸ਼ਨ ਵਲੋਂ ਸਿਵਲ ਸਰਜਨ ਦੇ ਧਿਆਨ ਵਿਚ ਬਾਹਰੀ ਮਿਲਾਵਟਖੋਰੀ ਦੇ ਮਾਮਲੇ ਵਿਸਥਾਰਪੂਰਵਕ ਲਿਆਂਦੇ ਗਏ | ਮਿਸ਼ਨ ਵਲੋਂ ਸਿਵਲ ਸਰਜਨ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਸ਼ਹਿਰ ਅੰਦਰ ਆੜੂ, ਅਮਰੂਦ, ਅਨਾਰ ਤੇ ਹੋਰ ਫ਼ਲ ਕੈਮੀਕਲ ਰੰਗ ਲਗਾ ਕੇ ਵੇਚੇ ਜਾ ਰਹੇ ਹਨ, ਜੋਕਿ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ | ਹੋਟਲ, ਰੈਸਟੋਰੈਂਟਾਂ, ਢਾਬਿਆਂ ਤੇ ਡੇਅਰੀ ਮਾਲਕਾਂ ਵਲੋਂ ਫੂਡ ਐਂਡ ਸੇਫ਼ਟੀ ਐਕਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ | ਇਸ ਸੰਬੰਧੀ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਸਿਵਲ ਸਰਜਨ ਨੇ ਮਿਸ਼ਨ ਵਲੋਂ ਉਠਾਏ ਗਏ ਸਾਰੇ ਨੁਕਤਿਆਂ ਨੂੰ ਬਹੁਤ ਹੀ ਧਿਆਨ ਪੂਰਵਕ ਤੇ ਗੰਭੀਰਤਾ ਨਾਲ ਸੁਣਿਆ | ਉਨ੍ਹਾਂ ਮੌਕੇ 'ਤੇ ਹੀ ਆਪਣੇ ਸਟੈਨੋ ਨੂੰ ਸ਼ਹਿਰ ਦੇ ਸਾਰੇ ਦੁਕਾਨਦਾਰਾਂ, ਰੇਹੜੀ ਵਾਲਿਆਂ, ਹੋਟਲਾਂ, ਢਾਬਿਆਂ ਅਤੇ ਰੈਸਟੋਰੇਟਾਂ ਲਈ ਫ਼ੂਡ ਐਂਡ ਸੇਫ਼ਟੀ ਐਕਟ ਅਧੀਨ ਪੱਤਰ ਜਾਰੀ ਕਰਨ ਦੀ ਹਦਾਇਤ ਕੀਤੀ | ਸਿਵਲ ਸਰਜਨ ਨੇ ਮਿਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼ਹਿਰ ਅੰਦਰ ਇਕ ਮਹੀਨੇ ਅੰਦਰ ਫ਼ੂਡ ਐਂਡ ਸੇਫ਼ਟੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਯਤਨ ਕਰਨਗੇ |