ਸ੍ਰੀ ਮੁਕਤਸਰ ਸਾਹਿਬ, 21 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਦੇ ਸਾਹਮਣੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਅਗਵਾਈ ਵਿਚ ਕੇਂਦਰ ਸਰਕਾਰ ਖਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੋਦੀ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਜਿਸ ਵਿਚ ਕੇਂਦਰ ਸਰਕਾਰ ਵਲੋਂ ਰੁਜ਼ਗਾਰ ਗਰੰਟੀ ਸਕੀਮ ਦਾ ਨਾਂਅ ਬਦਲਣ ਸਬੰਧੀ ਲਿਆਂਦੇ ਬਿੱਲ ਦੀ ਸਖਤ ਨਿਖੇਧੀ ਕੀਤੀ ਗਈ ਤੇ ਇਸ ਨੂੰ ਦੇਸ਼ ਭਗਤਾਂ ਦੀਆਂ ਭਾਵਨਾਵਾਂ ਦਾ ਅਪਮਾਨ ਦੱਸਿਆ | ਰੋਸ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਬਰਾੜ ਸੋਥਾ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਭਿੰਦਰ ਸ਼ਰਮਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਕਾਨਿਆਂਵਾਲੀ, ਜਸਪਾਲ ਸਿੰਘ ਮਲੋਟ ਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਨਿੱਤ ਨਵੇਂ ਬਿੱਲ ਲਿਆ ਕੇ ਨਵੇਂ ਝਮੇਲੇ ਖੜ੍ਹੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਮਗਨ ਰੇਗਾ ਦਾ ਨਾਂਅ ਬਦਲ ਕੇ ਕੇਵਲ ਮਹਾਤਮਾ ਗਾਂਧੀ ਦਾ ਅਪਮਾਨ ਨਹੀਂ ਕਰ ਰਹੀ, ਬਲਕਿ ਗਰੀਬ ਮਜ਼ਦੂਰਾਂ ਦੀ ਰੋਜ਼ੀ ਰੋਟੀ ਵੀ ਖੋ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਨਵਾਂ ਕਾਨੂੰਨ ਵਾਪਸ ਨਾ ਲਿਆ ਤਾਂ ਪੰਜਾਬ ਵਿਚ ਭਾਜਪਾ ਆਗੂਆਂ ਦੇ ਦਫ਼ਤਰਾਂ ਦਾ ਘਿਰਾਓ ਕਰਨ ਦੇ ਨਾਲ ਨਾਲ ਕਿਸਾਨ ਅੰਦੋਲਨ ਦੀ ਤਰਜ਼ 'ਤੇ ਉਨ੍ਹਾਂ ਦਾ ਪਿੰਡਾਂ ਵਿਚ ਵੜਨਾ ਵੀ ਬੰਦ ਕੀਤਾ ਜਾਵੇਗਾ | ਆਗੂਆਂ ਤੇ ਵਰਕਰਾਂ ਦੇ ਹੱਥਾਂ ਵਿਚ ਵੱਖ-ਵੱਖ ਤਖਤੀਆਂ ਫੜ੍ਹੀਆਂ ਹੋਈਆਂ ਸਨ, ਜਿਨਾਂ 'ਤੇ 'ਮਗਨਰੇਗਾ ਮਜ਼ਦੂਰਾਂ ਦੀ ਰੋਜੀ ਰੋਟੀ', ਗਰੀਬਾਂ ਦਾ ਸ਼ੋਸ਼ਣ ਕਰਨ ਵਾਲੀ ਸਰਕਾਰ ਮੁਰਦਾਬਾਦ, ਮਨਰੇਗਾ ਸਾਡਾ ਹੱਕ ਹੈ ਖੈਰਾਤ ਨਹੀਂ, ਰੋਜ਼ੀ ਰੋਟੀ ਦੀ ਗਰੰਟੀ ਖੋਹਣ ਵਾਲੀ ਸਰਕਾਰ ਮੁਰਦਾਬਾਦ ਆਦਿ ਨਾਅਰੇ ਲਿਖੇ ਹੋਏ ਸਨ | ਇਸ ਮੌਕੇ ਆਗੂਆਂ ਦੇ ਵਰਕਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਟੂ ਰੁਮਾਣਾ, ਮਲੋਟ ਸ਼ਹਿਰੀ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਬਲਾਕ ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ, ਕੌਂਸਲਰ ਕੁਲਵਿੰਦਰ ਸਿੰਘ ਸ਼ੌਂਕੀ, ਜਗਦੀਸ਼ ਕਟਾਰੀਆ ਦੋਦਾ, ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਸਰਪੰਚ ਪਾਲ ਸਿੰਘ ਭੁੱਟੀਵਾਲਾ, ਮਨਿੰਦਰ ਸਿੰਘ ਚੋਪੜਾ, ਗੁਰਪ੍ਰੀਤ ਸਿੰਘ ਮਨੀਆਂਵਾਲਾ ਪੀ.ਏ. ਰਾਜਾ ਵੜਿੰਗ ਆਦਿ ਹਾਜ਼ਰ ਸਨ |