ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਜੋਧੂ ਕਾਲੋਨੀ ਦੀ ਮੁੱਖ ਗਲੀ ਤੋਂ ਇਲਾਵਾ ਗਲੀ ਨੰਬਰ 6, 7 ਤੇ 8 ਵਿਚ ਸੀਵਰੇਜ਼ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਆਮ ਤੌਰ 'ਤੇ ਸੀਵਰੇਜ਼ ਬੰਦ ਰਹਿਣ ਕਰਕੇ ਗਲੀਆਂ ਵਿਚ ਖੜ੍ਹਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ | ਰਾਹਗੀਰਾਂ ਤੋਂ ਇਲਾਵਾ ਆਸਪਾਸ ਵੱਸਦੇ ਲੋਕਾਂ ਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦੋਂ ਮੁਹੱਲੇ ਦੇ ਵਾਸੀ ਸ਼ਿਕਾਇਤ ਕਰਦੇ ਹਨ ਤਾਂ ਇਕ-ਦੋ ਦਿਨ ਬਾਅਦ ਮੁਲਾਜ਼ਮ ਆ ਕੇ ਇਸ ਨੂੰ ਖੋਲ੍ਹ ਜਾਂਦੇ ਹਨ ਅਤੇ ਕੁਝ ਦਿਨਾਂ ਬਾਅਦ ਫ਼ਿਰ ਸੀਵਰੇਜ਼ ਸਿਸਟਮ ਜਾਮ ਹੋ ਜਾਂਦਾ ਹੈ | ਇਸ ਸਮੱਸਿਆ ਦੀ ਪੁਖ਼ਤਾ ਹੱਲ ਲਈ ਅੱਜ ਮੁਹੱਲਾ ਵਾਸੀਆਂ ਦਾ ਵਫ਼ਦ ਜਲ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਕੇਵਲ ਗਰਗ ਅਤੇ ਐੱਸ.ਡੀ.ਓ. ਜਗਮੋਹਨ ਸਿੰਘ ਸੰਧੂ ਨੂੰ ਮਿਲਿਆ | ਇਸ ਮੌਕੇ ਵਫ਼ਦ ਨੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ | ਇਸ ਮੌਕੇ ਅਧਿਕਾਰੀਆਂ ਨੇ ਮੁਹੱਲਾ ਵਾਸੀਆਂ ਦੀ ਸਮੱਸਿਆ ਨੂੰ ਸੁਣਿਆ ਅਤੇ ਇਸ ਦੇ ਪੱਕੇ ਹੱਲ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਮਨਪ੍ਰੀਤ ਸਿੰਘ ਬੇਦੀ, ਪਵਨ ਮੋਂਗਾ, ਅਮਨਦੀਪ ਸਿੰਘ, ਰੌਬਿਨ ਗਾਵੜੀ, ਭੋਲਾ, ਸੁਰਿੰਦਰ ਕੁਮਾਰ, ਸੁਭਾਸ਼ ਕੁਮਾਰ, ਦੀਪਕ ਕੁਮਾਰ, ਕਿ੍ਸ਼ਨ ਲਾਲ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ |