ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਹਰਮਹਿੰਦਰ ਪਾਲ)-ਦਿ ਗਲੈਡੀਓਲਸ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪਿ੍ੰਸੀਪਲ ਸੰਦੀਪ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਕੂਲ ਵਿਚ ਲਿਆਂਦਾ ਗਿਆ | ਬੈਂਡ ਤੇ ਫ਼ੁੱਲਾਂ ਦੀ ਵਰਖਾ ਕਰਕੇ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮੈਨੇਜਮੈਂਟ ਕਮੇਟੀ ਵਲੋਂ ਪ੍ਰਧਾਨ ਮਨੋਹਰ ਲਾਲ ਗਰਗ, ਜਨਰਲ ਸਕੱਤਰ ਸੋਮ ਪ੍ਰਕਾਸ਼ ਗਰਗ, ਪਿ੍ੰਸੀਪਲ, ਸਮੂਹ ਸਟਾਫ਼, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ | ਪਾਠੀ ਜਗਦੇਵ ਸਿੰਘ ਤੇ ਸਮੂਹ ਗਲੈਡੀਓਲਸ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ | ਪਾਠ ਤੋਂ ਉਪਰੰਤ ਆਨੰਦ ਸਾਹਿਬ, ਅਰਦਾਸ ਅਤੇ ਮੁੱਖ ਵਾਕ ਲਏ ਗਏ | ਪਿ੍ੰਸੀਪਲ ਸੰਦੀਪ ਕੌਰ ਵਲੋਂ ਗੁਰੂ ਸਾਹਿਬ ਦੇ ਜੀਵਨ, ਜੰਗਾਂ ਤੇ ਰਚਨਾਵਾਂ 'ਤੇ ਚਾਨਣਾ ਪਾਇਆ ਗਿਆ | ਚਾਰੇ ਸਾਹਿਬਜ਼ਾਦੇ, ਰੰਗ ਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਅਤੇ ਸਮੂਹ ਸਿੰਘਾਂ, ਸਿੰਘਣੀਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ | ਸ਼ਹੀਦੀ ਸਭਾ ਵਿਚ ਪਹੁੰਚੀਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ | ਵਿਦਿਆਰਥੀਆਂ ਵਲੋਂ ਮਿਲ ਕੇ ਸ਼ਬਦ ਕੀਰਤਨ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਕਵਿਤਾਵਾਂ, ਸਾਖੀਆਂ ਤੇ ਵਾਰਾਂ ਪੇਸ਼ ਕੀਤੀਆਂ ਗਈਆਂ | ਸਭਾ ਦੀ ਸਮਾਪਤੀ ਇਨਾਮ ਵੰਡ ਸਮਾਗਮ ਨਾਲ ਕੀਤੀ ਗਈ | ਸਾਹਿਬਜ਼ਾਦਿਆਂ ਦੀ ਇਸ ਸਭਾ ਦੌਰਾਨ ਤਨ-ਮਨ ਨਾਲ ਸੇਵਾ ਨਿਭਾਉਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ |