ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਰਣਜੀਤ ਸਿੰਘ ਢਿੱਲੋਂ)-ਮੇਲਾ ਮਾਘੀ 'ਤੇ ਸ੍ਰੀ ਮੁਕਤਸਰ ਸਾਹਿਬ ਦੀ ਲੰਬੀਢਾਬ ਵਿਖੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਪਿੰਡ ਭਲਾਈਆਣਾ ਵਿਖੇ ਤਬਦੀਲ ਕਰ ਦਿੱਤੀ ਸੀ, ਪਰ ਇਸ ਮਸਲੇ ਨੂੰ ਲੈ ਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ, ਜਿਸ ਮਗਰੋਂ ਪੰਜਾਬ ਸਰਕਾਰ ਨੇ ਇਸ ਕੌਮੀ ਘੋੜਾ ਮੰਡੀ ਨੂੰ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਪੁਰਾਣੀ ਜਗ੍ਹਾ 'ਤੇ ਸ਼ਿਫ਼ਟ ਕਰ ਦਿੱਤਾ, ਜਿਸ ਨੂੰ ਲੈ ਕੇ ਘੋੜਾ ਪਾਲਕਾਂ ਨੇ ਵਿਧਾਇਕ ਕਾਕਾ ਬਰਾੜ ਦੇ ਗ੍ਰਹਿ ਵਿਖੇ ਪਹੁੰਚ ਕੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਧੰਨਵਾਦ ਕੀਤਾ | ਇਸ ਮੌਕੇ ਪਸ਼ੂ ਪਾਲਕਾਂ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਲੰਬੀਢਾਬ ਵਿਖੇ ਘੋੜਾ ਮੰਡੀ ਲੱਗ ਰਹੀ ਸੀ, ਉਸ ਨੂੰ ਕਿਤੇ ਦੂਜੀ ਜਗ੍ਹਾ 'ਤੇ ਸ਼ਿਫ਼ਟ ਕੀਤਾ ਜਾ ਰਿਹਾ ਹੈ, ਜਦੋਂ ਇਸ ਦੀ ਜਾਣਕਾਰੀ ਹਲਕੇ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, ਤਾਂ ਕੈਬਨਿਟ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੀ ਲੱਗੇਗੀ, ਜਿਸ 'ਤੇ ਸਮੂਹ ਘੋੜਾ ਪਾਲਕਾਂ ਨੇ ਹਲਕਾ ਵਿਧਾਇਕ ਦਾ ਗ੍ਰਹਿ ਵਿਖੇ ਪਹੁੰਚ ਕੇ ਧੰਨਵਾਦ ਕੀਤਾ |