ਮਲੋਟ, 23 ਦਸੰਬਰ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਹਵਨ ਯੱਗ ਤੇ ਖੇਡ ਉਤਸਵ ਕਰਵਾ ਕੇ ਮਹਾਨ ਆਰੀਆ ਸਮਾਜ ਸਾਧੂ ਸਵਾਮੀ ਸ਼ਰਧਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਰਵੀ ਛਾਬੜਾ ਨੇ ਕੀਤੀ | ਸਭ ਤੋਂ ਪਹਿਲਾਂ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਵਸ ਮੌਕੇ ਧਰਮਾਚਾਰੀਆ ਰਾਮ ਚੰਦਰ ਸ਼ਾਸਤਰੀ ਦੇ ਨਾਂਅ 'ਤੇ ਹਵਨ ਯੱਗ ਕਰਕੇ ਸਵਾਮੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਇਲਾਕੇ ਦੀ ਖ਼ੁਸ਼ੀ, ਖ਼ੁਸ਼ਹਾਲੀ, ਸ਼ਾਂਤੀ, ਪਿਆਰ ਤੇ ਭਾਈਚਾਰੇ ਵਿਚ ਇਕੱਠੇ ਰਹਿਣ ਲਈ ਪ੍ਰਾਰਥਨਾ ਕੀਤੀ ਗਈ | ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਮੁੱਖ ਮੇਜਬਾਨ ਦੀ ਭੂਮਿਕਾ ਨਿਭਾਈ | ਖੇਡ ਮੁਕਾਬਲੇ ਦਾ ਉਦਘਾਟਨ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਸਕੂਲ ਦਾ ਝੰਡਾ ਲਹਿਰਾ ਕੇ ਕੀਤਾ ਗਿਆ | ਇਸ ਤੋਂ ਬਾਅਦ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਹ ਖੇਡ ਮੁਕਾਬਲਾ ਇਕ ਮਹਾਨ ਆਰੀਆ ਸਮਾਜ ਸੰਤ ਤੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਸੰਸਥਾਪਕ ਸਵਾਮੀ ਸ਼ਰਧਾਨੰਦ ਦੇ ਸ਼ਹੀਦੀ ਦਿਵਸ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਰਵੀ ਛਾਬੜਾ ਨੇ ਬੱਚਿਆਂ ਨੂੰ ਕਿਹਾ ਕਿ ਸਾਰਿਆਂ ਨੂੰ ਪਿਆਰ ਤੇ ਭਾਈਚਾਰੇ ਨਾਲ ਮਿਲ ਕੇ ਖੇਡਣਾ ਚਾਹੀਦਾ ਹੈ | ਇਸ ਮੌਕੇ ਡੀ.ਏ.ਵੀ. ਕਾਲਜ ਮਲੋਟ ਦੇ ਪਿ੍ੰਸੀਪਲ ਸੁਦੇਸ਼ ਗਰੋਵਰ, ਡਾ. ਵਿਨੀਤ, ਪਿ੍ੰਸ ਬਾਂਸਲ, ਵਰੁਣ ਗਰਗ, ਆਰੀਅਨ ਸ਼ਾਸਤਰੀ, ਬੱਚੇ ਤੇ ਸਕੂਲ ਸਟਾਫ਼ ਮੌਜੂਦ ਸੀ |