ਗਿੱਦੜਬਾਹਾ, 29 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਗਿੱਦੜਬਾਹਾ ਵਾਸੀਆਂ ਦੀਆਂ ਦੀ ਲੰਮੇ ਤੋਂ ਚੱਲੀ ਆ ਰਹੀ ਗਿੱਦੜਬਾਹਾ-ਮਲੇਰਕੋਟਲਾ ਬੱਸ ਨੂੰ ਅਖ਼ੀਰ ਪ੍ਰਵਾਨਗੀ ਦੇ ਦਿੱਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਰੇਲਵੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੀਵ ਕੋਛੜ ਨੇ ਦੱਸਿਆ ਕਿ ਪੀ.ਆਰ.ਟੀ.ਸੀ. ਬਰਨਾਲਾ ਡੀਪੂ ਵਲੋਂ ਗਿੱਦੜਬਾਹਾ ਤੋਂ ਖੰਨਾ ਲਈ ਰੋਜ਼ਾਨਾ ਇਕ ਬੱਸ ਨੂੰ ਗਿੱਦੜਬਾਹਾ ਬੱਸ ਸਟੈਂਡ ਤੋਂ ਸਵੇਰੇ 6:25 ਵਜੇ ਚਲਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਬੱਸ ਉਕਤ ਸਮੇਂ 'ਤੇ ਗਿੱਦੜਬਾਹਾ ਬੱਸ ਸਟੈਂਡ ਤੋਂ ਚੱਲ ਕੇ ਸਵੇਰੇ 7:18 ਵਜੇ ਬਠਿੰਡਾ, 8:05 ਵਜੇ ਰਾਮਪੁਰਾ, 9:10 ਵਜੇ ਬਰਨਾਲਾ ਵਾਇਆ ਸ਼ੇਰਪੁਰ ਹੁੰਦੇ ਹੋਏ ਸਵੇਰੇ 10:45 ਵਜੇ ਮਾਲੇਰਕੋਟਲਾ ਤੇ ਦੁਪਹਿਰ 12:30 ਵਜੇ ਖੰਨਾ ਵਿਖੇ ਪੁੱਜੇਗੀ | ਉਨ੍ਹਾਂ ਦੱਸਿਆ ਕਿ ਉਕਤ ਬੱਸ ਸ਼ਾਮ 7:30 ਵਜੇ ਬਠਿੰਡਾ ਬੱਸ ਸਟੈਂਡ 'ਤੇ ਪੁੱਜ ਕੇ 7:40 ਵਜੇ ਗਿੱਦੜਬਾਹਾ ਲਈ ਰਵਾਨਾ ਹੋਵੇਗੀ, ਜੋ 8:20 ਵਜੇ ਗਿੱਦੜਬਾਹਾ ਪੁੱਜੇਗੀ | ਵਰਣਨਯੋਗ ਹੈ ਕਿ ਉਕਤ ਬੱਸ ਦੇ ਚੱਲਣ ਨਾਲ ਪੀਰ ਮੀਰਾਂ ਸਾਹਿਬ ਜੀ ਦੀ ਦਰਗਾਹ ਮਲੇਰਕੋਟਲਾ ਤੇ ਸ਼ੁਕਰਾਨਾ ਗੁਰੂ ਜੀ ਦੁੱਗਰੀ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਇਨ੍ਹਾਂ ਧਾਰਮਿਕ ਅਸਥਾਨਾਂ 'ਤੇ ਜਾਣ 'ਚ ਬਹੁਤ ਵੱਡੀ ਸਹੂਲਤ ਮਿਲੇਗੀ | ਗਿੱਦੜਬਾਹਾ ਵਾਸੀਆਂ ਨੇ ਪੰਜਾਬ ਸਰਕਾਰ, ਪੀ.ਆਰ.ਟੀ.ਸੀ. ਬਰਨਾਲਾ ਡੀਪੂ ਦੇ ਜਰਨਲ ਮੈਨੇਜਰ ਰਮਨ ਸ਼ਰਮਾ, ਟਾਈਮ ਟੇਬਲ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਇੰਸਪੈਕਟਰ ਹਰਜੀਤ ਸਿੰਘ ਦਾ ਬੱਸ ਨੂੰ ਚਲਾਉਣ ਲਈ ਧੰਨਵਾਦ ਕੀਤਾ |