02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਮੁੜ ਵਧਿਆ, ਲੋਕਾਂ 'ਚ ਸਹਿਮ

Ad Position 21
No active advertisement
ਅਜੀਤ ਡੈਸਕ 02-09-2025

ਮਾਨਸਾ/ਸਰਦੂਲਗੜ੍ਹ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜੀ.ਐਮ.ਅਰੋੜਾ)- ਮਾਨਸਾ ਜ਼ਿਲ੍ਹੇ 'ਚੋਂ ਲੰਘਦੇ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਮੁੜ ਵਧ ਗਿਆ ਹੈ | ਅੱਜ ਦੇਰ ਸ਼ਾਮ ਜਿੱਥੇ ਚਾਂਦਪੁਰਾ ਬੰਨ੍ਹ ਕੋਲ ਪਾਣੀ ਪੌਣੇ 7 ਫੁੱਟ ਤੱਕ ਵਗ ਰਿਹਾ ਹੈ ਉੱਥੇ ਸਰਦੂਲਗੜ੍ਹ ਘੱਗਰ ਪੁਲ 'ਤੇ 18 ਫੁੱਟ ਤੋਂ ਵਧ ਗਿਆ ਹੈ | ਦੱਸਣਯੋਗ ਹੈ ਕਿ ਬੀਤੀ ਰਾਤ ਪਾਣੀ ਦਾ ਲੈਵਲ 17 ਫੁੱਟ 'ਤੇ ਆ ਗਿਆ ਸੀ | ਪਹਾੜੀ ਇਲਾਕਿਆਂ ਤੋਂ ਇਲਾਵਾ ਹਰਿਆਣਾ ਰਾਜ ਦੇ ਪੰਚਕੂਲਾ ਹੋਰ ਥਾਵਾਂ 'ਤੇ ਬੀਤੀ ਰਾਤ ਤੇ ਅੱਜ ਸਵੇਰੇ ਪਏ ਭਰਵੇਂ ਮੀਂਹ ਕਾਰਨ ਇਸ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ | ਭਾਵੇਂ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਵਲੋਂ ਦਰਿਆ ਦੇ ਦੋਵੇਂ ਪਾਸੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਟਰੈਕਟਰ-ਟਰਾਲੀਆਂ ਨਾਲ ਮਿੱਟੀ ਪਾਉਣ ਦਾ ਕੰਮ ਜਾਰੀ ਹੈ ਪਰ ਪੈ ਰਹੀ ਬਾਰਿਸ਼ ਕਾਰਨ ਬੀਤੇ ਕੱਲ੍ਹ ਇਹ ਕਾਰਜ ਵਿਚ-ਵਿਚਾਲੇ ਰੋਕਣਾ ਪੈ ਗਿਆ ਸੀ | ਮੌਸਮ ਵਿਗਿਆਨੀਆਂ ਵਲੋਂ ਅਗਲੇ ਦਿਨਾਂ 'ਚ ਭਾਰੀ ਬਾਰਿਸ਼ ਪੈਣ ਦੀ ਦਿੱਤੀ ਚਿਤਾਵਨੀ ਦੇ ਮੱਦੇਨਜ਼ਰ ਨੇੜਲੇ ਪਿੰਡਾਂ ਦੇ ਲੋਕਾਂ ਨੇ ਆਪੋ ਆਪਣਾ ਸਾਮਾਨ ਸਾਂਭਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਵਾਰ ਵੀ ਘੱਗਰ ਦੀ ਮਾਰ ਝੱਲਣੀ ਪਵੇਗੀ |
ਲੋਕਾਂ ਦੀ ਜਾਨ-ਮਾਲ ਸੁਰੱਖਿਆ ਲਈ ਸਰਕਾਰ ਤੇ ਪ੍ਰਸ਼ਾਸਨ ਵਚਨਬੱਧ- ਵਿਧਾਇਕ ਬਣਾਂਵਾਲੀ :
ਉੱਧਰ ਦੂਸਰੇ ਪਾਸੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਦਿਨ-ਰਾਤ ਪਿੰਡਾਂ ਦਾ ਦੌਰਾ ਕਰ ਰਹੇ ਹਨ | ਉਨ੍ਹਾਂ ਅੱਜ ਘੱਗਰ ਦਰਿਆ ਨਾਲ ਲੱਗਦੇ ਪਿੰਡ ਮੀਰਪੁਰ ਖ਼ੁਰਦ, ਸਰਦੂਲੇਵਾਲਾ, ਢਾਣੀ ਫੂਸ ਮੰਡੀ, ਭੱਲਣਵਾੜਾ, ਰਣਜੀਤਗੜ੍ਹ ਬਾਂਦਰਾਂ, ਸਾਧੂਵਾਲਾ, ਫੂਸ ਮੰਡੀ, ਝੰਡਾ ਖੁਰਦ, ਕਾਹਨੇਵਾਲਾ, ਰੋੜਕੀ ਅਤੇ ਸਰਦੂਲਗੜ੍ਹ ਸ਼ਹਿਰ ਦੇ ਬੰਨ੍ਹ ਦਾ ਦੌਰਾ ਕਰਨ ਦੇ ਨਾਲ ਹੀ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਬਹੁਤੀਆਂ ਦਾ ਮੌਕੇ 'ਤੇ ਹੱਲ ਕਰਵਾ ਦਿੱਤਾ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਲੋਕਾਈ ਦੀ ਭਲਾਈ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਘੱਗਰ 'ਤੇ 24 ਘੰਟੇ ਨਜ਼ਰਸਾਨੀ ਰੱਖੀ ਹੋਈ ਹੈ | ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਈਚਾਰਕ ਸਾਂਝ ਕਾਇਮ ਰੱਖ ਕੇ ਕੁਦਰਤੀ ਆਫ਼ਤ ਦਾ ਇੱਕਜੁੱਟ ਹੋ ਕੇ ਸਾਹਮਣਾ ਕੀਤਾ ਜਾਵੇ | ਵਿਧਾਇਕ ਨੇ ਕਿਹਾ ਕਿ ਹਲਕੇ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਹੋਰ ਦੱਸਿਆ ਕਿ ਹਾਲ ਦੀ ਘੜੀ ਘੱਗਰ 'ਤੇ ਪਾਣੀ ਦਾ ਪੱਧਰ ਖ਼ਤਰੇ ਤੋਂ ਬਹੁਤ ਥੱਲੇ ਹੈ ਜਦਕਿ ਹੰਗਾਮੀ ਹਾਲਾਤਾਂ ਲਈ ਸਾਰੇ ਪ੍ਰਬੰਧ ਮੁਕੰਮਲ ਹਨ |

Ad Position 22
No active advertisement
ਪਿਛਲੀ ਖ਼ਬਰ ਮਗਨਰੇਗਾ ਮੇਟ ਯੂਨੀਅਨ ਵਲੋਂ ਬੀ.ਡੀ.ਪੀ.ਓ. ਦਫ਼ਤਰ ਝੁਨੀਰ ਅੱਗੇ ਧਰਨਾ ਅਗਲੀ ਖ਼ਬਰ ਭਾਦੋਂ ਦੀ ਝੜੀ ਨੇ ਗ਼ਰੀਬਾਂ ਦੇ ਚੁੱਲੇ੍ਹ ਕੀਤੇ ਠੰਢੇ
Ad Position 24
No active advertisement