ਰਾਮਪੁਰਾ ਫੂਲ, 1 ਸਤੰਬਰ (ਸ਼ਰਮਾ): ਇਨ੍ਹਾਂ ਦਿਨਾਂ ਦੌਰਾਨ ਪੰਜਾਬ ਦੇ ਕੁਝ ਜ਼ਿਲੇ੍ਹ ਜਿੱਥੇ ਹੜ੍ਹਾਂ ਦੀ ਮਾਰ ਹੇਠ ਹਨ, ਉੱਥੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ 'ਚ ਲਗਾਤਾਰ ਤੇਜ਼ ਅਤੇ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਿੱਥੇ ਲੋਕਾਂ ਨੂੰ ਮੁਸੀਬਤਾਂ ਵਿਚ ਪਾਇਆ ਹੋਇਆ ਹੈ, ਉੱਥੇ ਹੀ ਇਸ ਭਾਦੋਂ ਮਹੀਨੇ 'ਚ ਲਗਾਤਾਰ ਲੱਗੀ ਮੀਂਹ ਦੀ ਝੜੀ ਨੇ ਗਰੀਬ ਪਰਿਵਾਰਾਂ ਨੂੰ ਫ਼ਿਕਰਾਂ ਵਿਚ ਪਾਇਆ ਹੋਇਆ ਹੈ | ਰਾਮਪੁਰਾ ਫੂਲ ਇਲਾਕੇ ਵਿਚ ਜਿੱਥੇ ਤਿੰਨ ਦਿਨਾਂ ਤੋਂ ਦਰਮਿਆਨਾ ਅਤੇ ਹਲਕੇ ਪੈ ਰਹੇ ਮੀਂਹ ਨੇ ਅਤੇ ਹੜ੍ਹਾਂ ਦੇ ਪਹੁੰਚੇ ਪਾਣੀ ਨੇ ਫ਼ਸਲਾਂ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਸਥਾਨਕ ਸ਼ਹਿਰ ਵਿਖੇ ਅਤੇ ਨੇੜਲੇ ਪਿੰਡਾਂ ਵਿਚ ਗਰੀਬ ਪਰਿਵਾਰਾਂ ਦੇ ਘਰਾਂ ਦੀ ਛੱਤਾਂ ਡਿੱਗਣ ਅਤੇ ਤਰੇੜਾਂ ਨਾਲ ਨੁਕਸਾਨ ਹੋਏ ਹਨ | ਉੱਥੇ ਹੀ ਪਿਛਲੇ ਦਿਨਾਂ ਦੌਰਾਨ ਸਥਾਨਕ ਸ਼ਹਿਰ ਵਿਖੇ ਮੀਂਹ ਨੇ ਜਨਜੀਵਨ ਪ੍ਰਭਾਵਿਤ ਕੀਤਾ ਸੀ, ਪਰ ਹੁਣ ਫਿਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਕੀਤਾ ਹੈ | ਉੱਥੇ ਹੀ ਇਸ ਦਾ ਅਸਰ ਰੋਜ਼ਾਨਾ ਦੇ ਕੰਮਾਂ-ਕਾਰਾਂ 'ਤੇ ਵੀ ਪੈ ਰਿਹਾ ਹੈ | ਅੱਜ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਲੋਂ ਹੜ੍ਹ ਪੀੜਤਾਂ ਲਈ ਮਦਦ ਕਰਨ ਲਈ ਜ਼ਰੂਰੀ ਸਾਮਾਨ ਭੇਜਿਆ ਗਿਆ ਹੈ | ਸਮਾਜ ਸੇਵੀ ਸੰਸਥਾਵਾਂ ਤੇ ਹੋਰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਮੰਡੀ ਲਾਧੂਕਾ ਲਈ ਇਕ ਟਰੱਕ ਰਾਹਤ ਸਮੱਗਰੀ ਭੇਜਣ ਸਬੰਧੀ ਡਾ: ਗੁਰਿੰਦਰ ਸਿੰਘ ਮਾਨ ਨੇ ਸਮਾਜ ਸੇਵੀ ਸੰਸਥਾਵਾਂ ਹੋਰ ਦਾਨੀ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਨੇਕ ਕਾਰਜਾਂ ਵਿਚ ਬਣਦਾ ਯੋਗਦਾਨ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਵਿਚ ਖਾਣ-ਪੀਣ ਵਾਲੀਆਂ ਵਸਤਾਂ ਤੋਂ ਇਲਾਵਾ ਸੁੱਕਾ ਦੁੱਧ, ਮੱਛਰਦਾਨੀਆਂ, ਮਨੁੱਖੀ ਦਵਾਈਆਂ ਤੋਂ ਇਲਾਵਾ ਪਸ਼ੂਆਂ ਲਈ ਦਵਾਈਆਂ ਅਤੇ ਛੋਟੇ ਬੱਚਿਆਂ ਲਈ ਨਿਪਲ ਸ਼ੀਸ਼ੀਆਂ ਆਦਿ ਸ਼ਾਮਲ ਹਨ | ਇਸ ਦੌਰਾਨ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ |