ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ ਤੇ ਚਾਂਦਪੁਰਾ ਬੰਨ੍ਹ ਕੋਲ ਪਾਣੀ ਦਾ ਪੱਧਰ ਵਧਣਾ ਜਾਰੀ <br/>
ਅਜੀਤ ਡੈਸਕ
04-09-2025
ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ 8 ਫੁੱਟ ਦੇ ਕਰੀਬ ਹੋਇਆ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ-ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਚ ਭਾਰੀ ਮੀਂਹ ਪੈਣ ਕਾਰਨ ਘੱਗਰ ਦਰਿਆ 'ਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ | ਜਾਣਕਾਰੀ ਅਨੁਸਾਰ ਘੱਗਰ ਦਰਿਆ ਵਿਚ ਇਸ ਸਮੇਂ ਪਾਣੀ ਦਾ ਪੱਧਰ 7 ਫੁੱਟ 7 ਇੰਚ 'ਤੇ ਵਗ ਰਿਹਾ ਹੈ | ਭਾਵੇਂ ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਅਜੇ ਕਾਫ਼ੀ ਥੱਲੇ ਹੈ ਪਰ ਘੱਗਰ ਦੇ ਪਿਛਲੇ ਇਲਾਕਿਆਂ 'ਚ ਹੋ ਰਹੀ ਭਰਵੀਂ ਬਾਰਸ਼ ਕਾਰਨ ਪਾਣੀ ਦਾ ਪੱਧਰ ਹੌਲੀ-ਹੌਲੀ ਵਧ ਰਿਹਾ ਹੈ | ਬੀਤੀ ਸ਼ਾਮ ਘੱਗਰ 'ਚ 7 ਫੁੱਟ ਦੇ ਕਰੀਬ ਪਾਣੀ ਚੱਲ ਰਿਹਾ ਸੀ ਜੋ ਅੱਜ ਵਧ ਕੇ 7 ਫੁੱਟ 7 ਇੰਚ 'ਤੇ ਪਹੁੰਚ ਗਿਆ ਹੈ | ਦੂਜੇ ਪਾਸੇ ਇਲਾਕੇ ਦੇ ਲੋਕਾਂ ਵਲੋਂ ਬਹੁ ਚਰਚਿਤ ਚਾਂਦਪੁਰਾ ਬੰਨ੍ਹ 'ਤੇ ਮਿੱਟੀ ਪਾ ਕੇ ਇਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸ ਇਲਾਕੇ 'ਚ ਅੱਜ ਬਾਰਸ਼ ਨਾ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ | ਸੂਤਰਾਂ ਅਨੁਸਾਰ ਖਨੌਰੀ ਲਾਗੇ ਵੀ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਚੜ੍ਹਾਅ 'ਤੇ ਚੱਲ ਰਿਹਾ ਹੈ, ਜੋ ਖ਼ਤਰੇ ਦੀ ਘੰਟੀ ਵਜੋਂ ਜਾਣਿਆ ਜਾਂਦਾ ਹੈ |
ਡਿਪਟੀ ਕਮਿਸ਼ਨਰ ਵੱਲੋਂ ਖੱਤਰੀਵਾਲਾ ਵਿਖੇ ਰਾਹਤ ਕੇਂਦਰਾਂ ਦਾ ਦੌਰਾ
ਇਸੇ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਥਾਪਿਤ ਕੀਤੇ ਰਾਹਤ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਰਾਹਤ ਕੇਂਦਰਾਂ ਵਿਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਡਿਊਟੀ ਨਿਭਾਉਣ ਦੇ ਆਦੇਸ਼ ਦਿੱਤੇ | ਸਰਕਾਰੀ ਪ੍ਰਾਇਮਰੀ ਸਕੂਲ ਖੱਤਰੀਵਾਲਾ ਦਾ ਦੌਰਾ ਕਰਦਿਆਂ ਸਕੂਲ ਅਤੇ ਵਾਲਮੀਕਿ ਧਰਮਸ਼ਾਲਾ ਵਿਖੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ | ਉਨ੍ਹਾਂ ਨੇ ਐਸ. ਐਮ. ਓ. ਨੂੰ ਹਦਾਇਤ ਕੀਤੀ ਕਿ ਰਾਹਤ ਕੇਂਦਰ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਦਾ ਮੁਕੰਮਲ ਪ੍ਰਬੰਧ ਰੱਖਿਆ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹ ਸੰਭਾਵਿਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹੇ ਵਿਚ 19 ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ | ਇਸ ਮੌਕੇ ਗੁਰਲੀਨ ਕੌਰ ਆਈ.ਏ.ਐਸ (ਅੰਡਰ ਟਰੇਨਿੰਗ), ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਵੀ ਹਾਜ਼ਰ ਸਨ |