ਮਾਨਸਾ, 6 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹਾਂ ਤੋਂ ਬਚਾਅ ਲਈ ਇੱਕਜੁੱਟ ਹੋ ਕੇ ਹਿੰਮਤ ਨਾਲ ਯਤਨ ਜੁਟਾਏ ਜਾਣ | ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬੀਆਂ 'ਤੇ ਅਨੇਕਾਂ ਵਾਰ ਕਈ ਤਰ੍ਹਾਂ ਦੇ ਸੰਕਟ ਆਏ ਹਨ ਪਰ ਉਨ੍ਹਾਂ ਆਪਸੀ ਭਾਈਚਾਰਾ ਕਾਇਮ ਰੱਖ ਕੇ ਤੇ ਦਿ੍ੜਤਾ ਨਾਲ ਕੰਮ ਕਰ ਕੇ ਅਜਿਹੀਆਂ ਆਫ਼ਤਾਂ ਤੋਂ ਨਿਜਾਤ ਪਾਈ ਹੈ | ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਲੋਕ ਆਪਣੇ ਪੱਧਰ 'ਤੇ ਯਤਨ ਜੁਟਾ ਰਹੇ ਹਨ ਪਰ ਪੰਜਾਬ ਸਰਕਾਰ ਸਿਰਫ਼ ਦਿਖਾਵੇ ਕਰਨ 'ਤੇ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਆਨ ਦਿੰਦੀ ਨਹੀਂ ਥੱਕਦੀ ਸੀ ਕਿ ਉਨ੍ਹਾਂ ਕੋਲ ਆਫ਼ਤ ਪ੍ਰਬੰਧਨ ਦੀ ਵਾਧੂ ਰਾਸ਼ੀ ਪਈ ਹੈ, ਹੁਣ ਉਹ ਰਾਸ਼ੀ ਲੋਕਾਂ 'ਚ ਕਿਉਂ ਨਹੀਂ ਵੰਡੀ ਜਾ ਰਹੀ | ਸ: ਭੂੰਦੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਤੋਂ ਪਹਿਲਾਂ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਪੂਰੇ ਪੰਜਾਬ ਨੂੰ ਹੀ ਇਹ ਔਖੇ ਦਿਨ ਵੇਖਣੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਲਈ ਪੰਜਾਬ ਸਰਕਾਰ ਵਲੋਂ ਵਰਤੀ ਗਈ ਅਣਗਹਿਲੀ ਜ਼ਿੰਮੇਵਾਰ ਹੈ | ਅਕਾਲੀ ਆਗੂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਹੜ੍ਹਾਂ 'ਚ ਲੋਕਾਂ ਦੇ ਨਾਲ ਡਟ ਕੇ ਖੜ੍ਹਾ ਹੈ ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਖੇਤਰ 'ਚ ਬੰਨ੍ਹ ਪੱਕੇ ਕਰਨ ਲਈ ਉਨ੍ਹਾਂ ਤੋਂ ਇਲਾਵਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਆਰਥਿਕ ਸਹਾਇਤਾ ਵੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪਾਣੀ ਉੱਤਰਨ ਤੋਂ ਬਾਅਦ ਮੁੜ ਵਸੇਬੇ ਲਈ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾਵੇਗੀ |