ਬੁਢਲਾਡਾ, 6 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ 'ਚ ਭਾਰੀ ਬਾਰਸ਼ ਨੇ ਜਿੱਥੇ 15 ਦਿਨਾਂ ਤੋਂ ਚੌੜੀ ਗਲੀ ਦੇ ਲੋਕ ਘਰਾਂ 'ਚ ਕੈਦ ਕੀਤੇ ਹੋਏ ਹਨ ਉੱਥੇ ਗੋਲ ਚੱਕਰ ਦੇ ਲੋਕਾਂ ਦਾ ਵਪਾਰ ਬੰਦ ਹੋ ਚੁੱਕਾ ਹੈ ਕਿਉਂਕਿ ਪਾਣੀ ਇਸ ਕਦਰ ਭਰ ਗਿਆ ਹੈ ਕਿ ਕਿਸੇ ਪਾਸੇ ਨੂੰ ਜਾਣ ਲਈ ਰਸਤਾ ਨਹੀਂ ਹੈ | ਇਸੇ ਦੌਰਾਨ ਵਾਰਡ ਨੰ. 14 ਦੇ ਮੇਘਰਾਜ ਗੋਇਲ ਵਾਲੀ ਗਲੀ ਦੇ ਵਸਨੀਕਾਂ ਨੇ ਨਗਰ ਕੌਂਸਲ ਦੀ ਬੇਰੁਖ਼ੀ ਤੋਂ ਤੰਗ ਆ ਕੇ ਮਕਾਨ ਵਿਕਾਊ ਕਰਨ ਦਾ ਐਲਾਨ ਕਰ ਦਿੱਤਾ ਹੈ | ਚੌੜੀ ਗਲੀ, ਗੋਲ ਚੱਕਰ, ਰੇਲਵੇ ਰੋਡ, ਗਾਂਧੀ ਬਾਜ਼ਾਰ, ਅਨਾਜ ਮੰਡੀ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ | ਵਾਰਡ ਨੰ. 14 ਦੇ ਓਮ ਪ੍ਰਕਾਸ਼ ਸੈਦੇਵਾਲੀਆ ਨੇ ਕਿਹਾ ਕਿ ਨਗਰ ਕੌਂਸਲ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ | ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਦੋਸ਼ ਲਗਾਇਆ ਕਿ ਲੋਕਾਂ ਨੂੰ ਸਹਾਰਾ ਦੇਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਦੀ ਬਿਨਾਂ ਤਾਰੀਕ ਵਾਲੀ ਪੁਰਾਣੀ ਚਿੱਠੀ ਭੇਜ ਕੇ ਕਾਰਜ ਸਾਧਕ ਅਫ਼ਸਰ ਨੇ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਾਰਜਸਾਧਕ ਅਫ਼ਸਰ ਨੂੰ ਸ਼ਹਿਰ ਦੀ ਤਰਸਯੋਗ ਹਾਲਤ, ਨਾਜਾਇਜ਼ ਕਬਜ਼ੇ, ਬਿਨਾਂ ਨਕਸ਼ਿਆਂ ਤੋਂ ਇਮਾਰਤਾਂ ਦੀ ਉਸਾਰੀ, ਪ੍ਰਾਈਵੇਟ ਕਾਲੋਨੀਆਂ 'ਚ ਹੋ ਰਹੀ ਨਾਜਾਇਜ਼ ਉਸਾਰੀ, ਆਊਟਸੋਰਸ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੋਂ ਇਲਾਵਾ ਸ਼ਹਿਰ ਦੇ ਹਿਤਾਂ ਲਈ 1 ਦਰਜਨ ਚਿੱਠੀਆਂ ਭੇਜ ਕੇ ਜਵਾਬ ਮੰਗਿਆ ਗਿਆ ਹੈ, ਜਿਨ੍ਹਾਂ ਦਾ ਕਾਰਜ ਸਾਧਕ ਅਫ਼ਸਰ ਨੇ ਜਵਾਬ ਦੇਣ ਦੀ ਬਜਾਏ ਪਹਿਲਾਂ ਕੁਝ ਕੌਂਸਲਰਾਂ ਵਲੋਂ ਤਿਆਰ ਕੀਤੀ ਦਰਖਾਸਤ ਨੂੰ ਆਧਾਰ ਬਣਾ ਕੇ ਸਿਆਸੀ ਚੌਧਰੀਆਂ ਦਾ ਹੱਥ ਠੋਕਾ ਬਣ ਕੇ ਸ਼ਹਿਰ ਨੂੰ ਸਿਆਸੀ ਮਾਰ ਰਾਹੀਂ ਡੋਬਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੇਭਰੋਸਗੀ ਸੰਬੰਧੀ ਦਰਖਾਸਤ ਵਿਚ ਦਰਜ 9 ਕੌਂਸਲਰਾਂ ਨੇ ਜਾਣਕਾਰੀ ਦਿੱਤੀ ਕਿ ਇਹ ਪੱਤਰ ਪੁਰਾਣਾ ਹੈ, ਜਿਸ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ, ਇਸ ਦੀ ਪੁਸ਼ਟੀ ਸ਼ੋ੍ਰਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਕੌਂਸਲਰ ਸੁਖਵਿੰਦਰ ਕੌਰ ਸੁੱਖੀ ਨੇ ਕੀਤੀ | ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ 'ਚ ਬਦਲਾਖੋਰੀ ਦੀ ਭਾਵਨਾ ਨਾਲ ਨਗਰ ਕੌਂਸਲ ਪ੍ਰਧਾਨ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੌਂਸਲ ਪ੍ਰਧਾਨ ਨੇ ਐਸ.ਸੀ. ਕਮਿਸ਼ਨ ਭਾਰਤ ਸਰਕਾਰ ਨੂੰ ਸਬੂਤਾ ਸਮੇਂ ਆਪਣਾ ਪੱਖ ਰੱਖਦਿਆਂ ਦੱਸਿਆ ਗਿਆ ਹੈ ਕਿ ਅਫ਼ਸਰਸ਼ਾਹੀ ਬਦਲਾਖੋਰੀ ਦੀ ਨੀਤੀ ਨਾਲ ਤੰਗ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਵਫ਼ਦ ਐਸ.ਸੀ. ਕਮਿਸ਼ਨ ਨੂੰ ਜਲਦ ਮਿਲੇਗਾ |
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਦਾ
-ਕਾਰਜ ਸਾਧਕ ਅਫ਼ਸਰ ਸਿਕੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਪਾਣੀ ਦੀ ਨਿਕਾਸੀ ਸਬੰਧੀ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਐਸ.ਟੀ.ਬੀ. ਮੇਨਹੋਲ਼ 'ਚ ਨਿਕਾਸੀ ਦਾ ਪਾਣੀ ਪਾਇਆ ਜਾ ਰਿਹਾ ਹੈ ਪ੍ਰੰਤੂ ਡਰੇਨ ਓਵਰਫ਼ਲੋ ਹੋਣ ਕਾਰਨ ਪਾਣੀ ਦੀ ਨਿਕਾਸ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਚੌੜੀ ਗਲੀ ਦਾ ਪਾਣੀ ਨਿਕਾਸੀ ਲਈ ਕਿ੍ਸ਼ਨ ਮੰਦਰ ਨਜ਼ਦੀਕ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉੱਥੇ ਮੌਜੂਦ ਕਿਸਾਨਾਂ ਨੇ ਫ਼ਸਲ ਦਾ ਨੁਕਸਾਨ ਦਾ ਵਿਰੋਧ ਕਰਦਿਆਂ ਪਾਣੀ ਕੱਢਣ ਨਹੀਂ ਦਿੱਤਾ ਗਿਆ | ਨਗਰ ਕੌਂਸਲ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦੇ ਪੱਤਰ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ |
ਬੁਢਲਾਡਾ ਸ਼ਹਿਰ 'ਚ ਬਾਰਿਸ਼ ਦੇ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ
ਅਜੀਤ ਡੈਸਕ
07-09-2025