ਬੋਹਾ, 6 ਸਤੰਬਰ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਆਲਮਪੁਰ ਮੰਦਰਾਂ ਦੇ ਲੋਕ ਪਿਛਲੇ 10 ਦਿਨਾਂ ਤੋਂ ਸਰਹਿੰਦ ਚੋਅ 'ਚ ਵਗ ਰਹੇ ਬੇਥਾਹ ਪਾਣੀ ਨਾਲ ਜੂਝ ਰਹੇ ਹਨ ਪਰ ਕੋਈ ਵੀ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਲਈ ਨਹੀਂ ਪੁੱਜਿਆ | ਨੱਕੋ-ਨੱਕ ਭਰਿਆ ਇਹ ਚੋਅ ਕੁਝ ਦਿਨ ਪਹਿਲਾ ਪਿੰਡ ਅੱਕਾਂਵਾਲੀ ਵਾਲੇ ਪੁਲ ਕੋਲ ਤਕਰੀਬਨ 10 ਕਿੱਲੇ ਪਟੜੀ ਨਾ ਹੋਣ ਕਾਰਨ ਜੋਈਆਂ ਪਿੰਡ ਵਾਲੇ ਪਾਸੇ ਉੱਛਲ ਗਿਆ ਸੀ, ਜਿਸ ਕਰ ਕੇ ਜੋਈਆਂ ਤੇ ਅੱਕਾਂਵਾਲੀ ਦੀ ਤਕਰੀਬਨ 300 ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ ਸੀ ਜਦਕਿ ਪਾਣੀ ਚੋਅ ਦੇ ਨਾਲ-ਨਾਲ ਦੀ ਆਲਮਪੁਰ ਮੰਦਰਾਂ ਪਿੰਡ ਵੱਲ ਵੱਧ ਗਿਆ ਸੀ | ਲੋਕਾਂ ਨੇ ਇੱਕਜੁੱਟ ਹੋ ਕੇ ਪਾਣੀ ਨੂੰ ਖੇਤਾਂ 'ਚ ਬੰਨ੍ਹ ਮਾਰ ਕੇ ਰੋਕ ਲਿਆ | 4 ਦਿਨਾਂ ਬਾਅਦ ਚੋਅ ਦਾ ਪਾਣੀ ਉੱਤਰਨ ਕਰ ਕੇ, ਫ਼ਸਲਾਂ 'ਚੋਂ ਪਾਣੀ ਮੁੜ ਚੋਅ 'ਚ ਕੱਢਣ ਲਈ ਆਲਮਪੁਰ ਮੰਦਰਾਂ ਤੇ ਅੱਕਾਂਵਾਲੀ ਦੇ ਲੋਕਾਂ ਨੇ ਯਤਨ ਕਰ ਕੇ ਫ਼ਸਲਾਂ ਬਚਾਈਆਂ, ਜਿਸ ਥਾਂ ਤੋਂ ਇਹ ਡਰੇਨ ਉੱਛਲਦਾ ਹੈ ਉੱਥੇ ਬੰਨ੍ਹ ਮਾਰਨ ਲਈ ਪਿੰਡ ਦੇ ਲੋਕਾਂ ਨੇ ਆਪਣੇ ਤੌਰ 'ਤੇ ਉਪਰਾਲੇ ਸ਼ੁਰੂ ਕੀਤੇ ਹੀ ਸਨ ਕਿ ਮੁੜ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਬੰਨ੍ਹ ਮਾਰਨ ਦਾ ਕੰਮ ਰੁਕ ਗਿਆ ਅਤੇ ਫਿਰ ਇਸ ਚੋਅ 'ਚ ਪਾਣੀ ਵਧ ਗਿਆ ਤੇ ਮੁੜ ਉਹੀ ਸਥਿਤੀ ਪੈਦਾ ਹੋ ਗਈ | ਲੋਕਾਂ ਦੀਆਂ ਫ਼ਸਲਾਂ ਵੀ ਜ਼ਿਆਦਾ ਮੀਂਹ ਪੈਣ ਕਾਰਨ ਡੁੱਬੀਆਂ ਪਈਆਂ ਹਨ | ਸਾਬਕਾ ਸਰਪੰਚ ਪਰਮਜੀਤ ਸਿੰਘ ਪਰਮੀ, ਕਸ਼ਮੀਰ ਸਿੰਘ, ਮਾ. ਗੁਰਬਚਨ ਸਿੰਘ, ਸਰਦੂਲ ਸਿੰਘ, ਸੁਖਪਾਲ ਸਿੰਘ, ਸੁੱਖੀ ਚਹਿਲ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਸਾਰ ਲੈਣ ਲਈ ਵੀ ਕੋਈ ਨਹੀਂ ਆਇਆ | ਪਿੰਡ ਵਾਸੀਆਂ ਦੀ ਮੰਗ ਹੈ ਕਿ ਚੋਅ 'ਚ ਉੱਘੇ ਰੁੱਖਾਂ ਤੇ ਜਲਬੂਟੀ ਨੂੰ ਖ਼ਤਮ ਕਰਨ ਦੇ ਨਾਲ ਹੀ ਚੋਅ ਨੂੰ ਡੂੰਘਾ ਕਰ ਕੇ ਪਟੜੀਆਂ ਮਜ਼ਬੂਤ ਕੀਤੀਆਂ ਜਾਣ |
ਪਿੰਡ ਆਲਮਪੁਰ ਮੰਦਰਾਂ 'ਚ ਹੜ੍ਹ ਪੀੜਤਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਾ
ਅਜੀਤ ਡੈਸਕ
07-09-2025