ਮਾਨਸਾ, 24 ਸਤੰਬਰ (ਵਿਸ਼ੇਸ਼ ਪ੍ਰਤੀਨਿਧ)- ਮਗਨਰੇਗਾ ਕੰਮ ਬਹਾਲ ਕਰਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਵਲੋਂ ਸਥਾਨਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਨੇੜੇ ਲਗਾਇਆ ਧਰਨਾ 40ਵੇਂ ਦਿਨ ਵੀ ਜਾਰੀ ਰਿਹਾ | ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੇ ਨਾਂਅ 'ਤੇ ਇਕੱਠੇ ਹੋਏ ਫ਼ੰਡ 'ਚੋਂ ਬੇਜ਼ਮੀਨੇ ਮਜ਼ਦੂਰਾਂ ਲਈ ਕਿੰਨਾ ਰੱਖਿਆ, ਸਪਸ਼ਟ ਕਰੇ | ਸਮਾਉਂ ਨੇ ਕਿਹਾ ਕਿ ਹੜ੍ਹਾਂ ਤੇ ਲਗਾਤਾਰ ਹੋਈ ਬਾਰਿਸ਼ ਕਾਰਨ ਗਰੀਬ ਲੋਕ ਬਿਮਾਰੀਆਂ ਦੀ ਲਪੇਟ 'ਚ ਵੀ ਆ ਰਹੇ ਹਨ | ਉਨ੍ਹਾਂ ਮੁੱਖ ਮੰਤਰੀ ਮਾਨ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਮਗਨਰੇਗਾ ਦੇ ਕੰਮਾਂ ਨੂੰ ਮੁੜ ਬਹਾਲੀ ਲਈ ਮਤਾ ਪਾਸ ਕਰਨ | ਉਨ੍ਹਾਂ ਦੱਸਿਆ ਕਿ 29 ਸਤੰਬਰ ਨੂੰ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮਜ਼ਦੂਰ ਠੰਢੇ ਚੁੱਲ੍ਹੇ ਤੇ ਖਾਲੀ ਪ੍ਰਾਂਤਾਂ ਨਾਲ ਪਿੱਟ ਸਿਆਪਾ ਕਰਨਗੇ | ਇਸ ਮੌਕੇ ਜਰਨੈਲ ਸਿੰਘ ਮਾਨਸਾ, ਗੁਲਾਬ ਸਿੰਘ ਖੀਵਾ, ਸੁਖਦੇਵ ਸਿੰਘ ਮਾਨਸਾ ਖ਼ੁਰਦ, ਬਲਦੇਵ ਸਿੰਘ ਠੂਠਿਆਂਵਾਲੀ, ਸੁਖਪਾਲ ਕੌਰ ਅਤਲਾ ਖ਼ੁਰਦ ਆਦਿ ਹਾਜ਼ਰ ਸਨ |