ਬੋਹਾ, 3 ਨਵੰਬਰ (ਰਮੇਸ਼ ਤਾਂਗੜੀ)-40 ਪਿੰਡਾਂ ਦੇ ਕੇਂਦਰ ਬਿੰਦੂ ਮੰਨੇ ਜਾਂਦੇ ਕਸਬਾ ਬੋਹਾ 'ਚ ਕੋਈ ਪੱਕਾ ਬੱਸ ਸਟੈਂਡ ਨਾ ਹੋਣ ਕਰ ਕੇ ਪੀ.ਆਰ.ਟੀ.ਸੀ. ਡਿਪੂ ਦੀਆਂ ਬੱਸਾਂ ਮੁੱਖ ਸੜਕ 'ਤੇ ਹੀ ਰੁਕਦੀਆਂ ਹਨ | ਅਜਿਹਾ ਹੋਣ ਕਰ ਕੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ | ਬੱਸਾਂ ਦੇ ਰੁਕਣ ਵਾਲੀ ਥਾਂ ਦੋਵੇਂ ਪਾਸੇ ਦੁਕਾਨਾਂ ਅੱਗੇ ਵਧੇਰੇ ਲੋਕਾਂ ਨੇ ਸਬਜ਼ੀਆਂ ਤੇ ਫਲਾਂ ਦੀਆਂ ਰੇਹੜੀਆਂ ਲਗਾਈਆਂ ਹੋਈਆਂ ਹਨ | ਪਤਾ ਲੱਗਾ ਹੈ ਕਿ ਦੁਕਾਨਾਂ ਅੱਗੇ ਸਬਜ਼ੀ, ਫਰੂਟ ਦੀ ਰੇਹੜੀ ਜਾਂ ਅੱਡਾ ਲਾਉਣ ਲਈ ਸਬੰਧਿਤ ਦੁਕਾਨਦਾਰ ਇਸ ਥਾਂ ਦਾ ਕਿਰਾਇਆ ਭਰਦੇ ਹਨ | ਇਕ ਪਾਸੇ ਬੱਸਾਂ ਦੇ ਰੁਕਣ ਤੇ ਭਾਰੀ ਆਵਾਜਾਈ ਦੇ ਲੰਘਣ ਸਦਕਾ ਥਾਂ ਨਹੀਂ ਬਚਦੀ ਤੇ ਦੂਜੇ ਪਾਸੇ ਵੱਡੀ ਗਿਣਤੀ ਲੋਕ ਸਬਜ਼ੀਆਂ, ਫਲ ਤੇ ਦੁਕਾਨਾਂ ਤੋਂ ਸਮਾਨ ਖ਼ਰੀਦਣ ਲਈ ਇੱਥੇ ਆਉਂਦੇ ਰਹਿੰਦੇ ਹਨ | ਲੋਕਾਂ ਵਲੋਂ ਵਹੀਕਲ ਇੱਥੇ ਖੜ੍ਹੇ ਕਰਨ ਕਰ ਕੇ ਵੱਡੀ ਭੀੜ ਹੋ ਜਾਂਦੀ ਹੈ | ਕਈ ਰੇਹੜੀਆਂ ਵਾਲ ਤਾਂ ਸਪੀਕਰ ਅਤੇ ਮਾਈਕ 'ਤੇ ਪ੍ਰਚਾਰ ਕਰਨ ਕਰ ਕੇ ਇੱਥੇ ਆਵਾਜ਼ ਵੀ ਸੁਣਾਈ ਨਹੀਂ ਦਿੰਦੀ, ਜਿੱਥੇ ਸਾਰੇ ਸ਼ਹਿਰ 'ਚ ਬੱਸ ਅੱਡਾ ਵਪਾਰ, ਕਾਰੋਬਾਰ ਲਈ ਖ਼ਾਸ ਸਥਾਨ ਮੰਨਿਆ ਜਾਂਦਾ ਹੈ ਉੱਥੇ ਬੋਹਾ 'ਚ ਵੀ ਅਜਿਹਾ ਹੋਣ ਕਾਰਨ ਲੋਕਾਂ ਦੇ ਲੰਘਣ ਲਈ ਕੋਈ ਥਾਂ ਨਹੀਂ ਬਚਦੀ | ਐਡਵੋਕੇਟ ਮਨਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਇੱਥੇ ਉਨ੍ਹਾਂ ਦੇ ਪਰਿਵਾਰ ਵਲੋਂ ਬੱਸ ਅੱਡੇ ਲਈ ਪੰਚਾਇਤ ਨੂੰ ਜਗ੍ਹਾ ਦਿੱਤੀ ਗਈ ਸੀ, ਜਿੱਥੇ ਕਾਫ਼ੀ ਸਮਾਂ ਬੱਸਾਂ ਰੁਕਦੀਆਂ ਰਹੀਆਂ ਅਤੇ ਹੁਣ ਵੀ ਝੁਨੀਰ, ਰਿਉਂਦ ਵੱਲ ਦੀਆਂ ਬੱਸਾਂ ਇੱਥੇ ਖੜ੍ਹਦੀਆਂ ਹਨ | ਇਸ ਅੱਡੇ 'ਚ ਟੈਕਸੀ ਸਟੈਂਡ ਵੀ ਬਣਿਆ ਹੋਇਆ ਹੈ | ਇਸ ਅੱਡੇ 'ਚ ਜਾਣ ਦੇ ਰਸਤੇ ਵੀ ਅਕਸਰ ਬੰਦ ਹੋ ਜਾਂਦੇ ਹਨ | ਜਦੋਂ ਲੋਕ ਆਪਣੇ ਵਾਹਨ ਇਨ੍ਹਾਂ ਰਸਤਿਆਂ 'ਚ ਖੜ੍ਹੇ ਕਰ ਦਿੰਦੇ ਹਨ | ਭਾਵੇਂ ਪਿਛਲੀਆਂ ਸਰਕਾਰਾਂ ਨੇ ਬੋਹਾ 'ਚ ਬੱਸ ਅੱਡਾ ਬਣਾਉਣ ਦਾ ਯਤਨ ਨਹੀਂ ਕੀਤਾ | ਮੌਜੂਦਾ ਸਰਕਾਰ ਵਲੋਂ ਬੱਸ ਅੱਡੇ ਲਈ ਰਾਸ਼ੀ ਮਨਜ਼ੂਰ ਕੀਤੇ ਜਾਣ ਦਾ ਪਤਾ ਲੱਗਾ ਹੈ | ਪਿਛਲੀ ਅਕਾਲੀ ਸਰਕਾਰ ਨੇ ਇਸੇ ਸੜਕ 'ਤੇ ਕੰਨਿਆ ਸਕੂਲ ਕੋਲ ਬੱਸ ਅੱਡਾ ਬਣਾਉਣ ਦਾ ਹੀਲਾ ਕੀਤਾ ਸੀ ਪਰ ਇਹ ਮਾਮਲਾ ਸਿਰੇ ਨਾ ਚੜ੍ਹ ਸਕਿਆ | ਐਨੀ ਭੀੜ ਵਾਲੀ ਥਾਂ ਖ਼ਾਸ ਕਰ ਕੇ ਬਜ਼ੁਰਗ, ਔਰਤਾਂ ਤੇ ਬੱਚੇ ਬੱਸਾਂ ਫੜਨ 'ਚ ਨਾਕਾਮ ਰਹਿੰਦੇ ਹਨ | ਸਵਾਰੀਆਂ ਦੇ ਬੈਠਣ ਲਈ ਕੋਈ ਬੈਂਚ ਆਦਿ ਨਹੀਂ ਅਤੇ ਨਾ ਹੀ ਪੀਣ ਦੇ ਪਾਣੀ ਦਾ ਪ੍ਰਬੰਧ | ਲੋਕਾਂ ਨੇ ਮੰਗ ਕੀਤੀ ਕਿ ਪੱਕਾ ਬੱਸ ਅੱਡਾ ਬਣਾਇਆ ਜਾਵੇ ਤਾਂ ਜੋ ਸਵਾਰੀਆਂ ਮਿਥੇ ਸਥਾਨ ਤੋਂ ਰਤੀਆ, ਬੁਢਲਾਡਾ ਤੇ ਝੁਨੀਰ ਦੀਆਂ ਬੱਸਾਂ ਪਕੜ ਸਕਣ |
ਬੋਹਾ 'ਚ ਬੱਸਾਂ ਦੇ ਅੱਗੇ-ਪਿੱਛੇ ਖੜ੍ਹਨ ਨਾਲ ਨੱਠ ਭੱਜ ਕੇ ਬੱਸਾਂ ਚੜ੍ਹਦੇ ਨੇ ਲੋਕ
ਅਜੀਤ ਡੈਸਕ
04-11-2025