09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬੁਢਲਾਡਾ 'ਚ ਨਵੀਂ ਵਾਰਡਬੰਦੀ ਮੁਤਾਬਿਕ ਜੀਵਨ ਕਾਲੋਨੀ ਅਤੇ ਭਾਨ ਸਿੰਘ ਸਿੱਧੂ ਕਾਲੋਨੀ ਹੋ ਸਕਦੀ ਹੈ ਬਾਹਰ?

Ad Position 21
No active advertisement
ਅਜੀਤ ਡੈਸਕ 07-12-2025

ਬੁਢਲਾਡਾ 6 ਦਸੰਬਰ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਅੰਦਰ ਹੱਦਬੰਦੀ (ਡੀਲਿਮੀਟੇਸ਼ਨ) ਬੋਰਡ ਵਲੋਂ ਸ਼ਹਿਰ ਦੀ ਕੀਤੀ ਵਾਰਡਬੰਦੀ ਨੂੰ ਅੰਤਿਮ ਛੋਹ ਦੇਣ ਲਈ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵਲੋਂ 8 ਦਸੰਬਰ ਨੂੰ ਐਸ.ਡੀ.ਐਮ. ਬੁਢਲਾਡਾ ਦੀ ਪ੍ਰਧਾਨਗੀ ਹੇਠ ਡੀਲਿਮੀਟੇਸ਼ਨ ਆਫ਼ ਵਾਰਡਜ ਆਫ਼ ਮਿਉਸਪਲੈਟੀਜ ਰੂਲਜ ਅਨੁਸਾਰ ਮੀਟਿੰਗ ਸੱਦੀ ਹੈ | ਜਾਣਕਾਰੀ ਅਨੁਸਾਰ ਸ਼ਹਿਰ ਦੇ 19 ਵਾਰਡਾਂ ਦੀ ਹੱਦਬੰਦੀ ਨੂੰ ਲੈ ਕੇ ਹਾਕਮ ਧਿਰ ਵਲੋਂ ਸਿਆਸੀ ਸਮੀਕਰਨ ਉਲੀਕੇ ਜਾ ਰਹੇ ਹਨ | ਪਤਾ ਲੱਗਿਆ ਹੈ ਕਿ ਨਵੀਂ ਹੱਦਬੰਦੀ ਅਨੁਸਾਰ ਸ਼ਹਿਰ ਦੀ ਆਬਾਦੀ 33 ਹਜ਼ਾਰ 11 ਦਰਸਾਈ ਗਈ ਹੈ, ਜਿਸ 'ਚ ਐੱਸ.ਸੀ. ਆਬਾਦੀ 10 ਹਜ਼ਾਰ 961, ਪਛੜੀਆਂ ਸ਼ੇ੍ਰਣੀਆਂ ਦੀ ਆਬਾਦੀ 5 ਹਜ਼ਾਰ 550 ਅਤੇ ਜਨਰਲ 16 ਹਜ਼ਾਰ 500 ਦੱਸੀ ਗਈ ਹੈ | ਪਿਛਲੀਆਂ ਨਗਰ ਕੌਂਸਲ ਚੋਣਾਂ ਮੌਕੇ 30 ਹਜ਼ਾਰ 5 ਵੋਟਰ ਸਨ ਪ੍ਰੰਤੂ ਮੌਜੂਦਾ ਵਾਰਡਬੰਦੀ ਦੇ ਹਿਸਾਬ ਨਾਲ ਇਸ ਸ਼ਹਿਰ ਦੀ ਆਬਾਦੀ 2013 ਦੀ ਜਨਗਣਨਾ ਦੇ ਮੁਕਾਬਲੇ ਆਬਾਦੀ ਘੱਟ ਕਿਉਂ? ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ ਨੇ ਦੱਸਿਆ ਕਿ ਵਾਰਡਬੰਦੀ ਦਾ ਖਾਕਾ ਕੌਂਸਲ ਦੇ ਅਧਿਕਾਰੀਆਂ ਵਲੋਂ ਗੁਪਤ ਤੌਰ 'ਤੇ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਬੁਨਿਆਦੀ ਸਹੂਲਤਾਂ ਨਾਲ ਛੇੜਛਾੜ ਕਰ ਕੇ ਵਾਰਡਬੰਦੀ ਤੋਂ ਬਾਹਰ ਕਰਨ ਦੀ ਕਨਸੋਅ ਮਿਲੀ ਹੈ | ਨਵੀਂ ਵਾਰਡਬੰਦੀ ਵਿਚ ਕਿਸੇ ਸਮੇਂ ਨਗਰ ਕੌਂਸਲ ਦਾ ਹਿੱਸਾ ਰਹੇ ਜੀਵਨ ਕਾਲੋਨੀ, ਭਾਨ ਸਿੰਘ ਸਿੱਧੂ ਕਾਲੋਨੀ ਦੇ ਵਸਨੀਕਾਂ ਨੂੰ ਸ਼ਹਿਰ ਦੀ ਵਾਰਡਬੰਦੀ ਤੋਂ ਦੂਰ ਕਰ ਦਿੱਤਾ ਜਾਣ ਦੀ ਸੂਚਨਾ ਮਿਲੀ ਹੈ | ਉਨ੍ਹਾਂ ਕਿਹਾ ਕਿ ਜਿਸ ਕਾਰਨ ਪਿਛਲੀ ਵਾਰਡਬੰਦੀ ਦੇ ਮੁਤਾਬਿਕ 2021 ਦੀਆਂ ਚੋਣਾਂ ਦੌਰਾਨ ਸ਼ਹਿਰ ਦੇ 30005 ਵੋਟਰ ਸਨ ਜਦਕਿ ਹੁਣ 33 ਹਜ਼ਾਰ ਤੋਂ ਵੱਧ ਆਬਾਦੀ ਦਿਖਾਈ ਗਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸ਼ਹਿਰ ਦੀਆਂ ਨਵੀਂ ਵਾਰਡਬੰਦੀ 'ਚ ਹਜ਼ਾਰਾਂ ਵੋਟਾਂ ਦੀ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਕਰ ਕੇ ਕਾਲੋਨੀਆਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ | ਨਵੀਂ ਵਾਰਡਬੰਦੀ 2026 'ਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਸਾਹਮਣੇ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ | ਉੱਧਰ ਬਲਾਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ ਦਾ ਕਹਿਣਾ ਹੈ ਕਿ ਵਾਰਡਬੰਦੀ ਦੀ ਆੜ ਵਿਚ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਖੋਹਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਨਗਰ ਕੌਂਸਲ ਦੀ ਚੋਣਾਂ ਚ ਉਪਰੋਕਤ ਕਾਲੋਨੀ ਦੇ ਲੋਕ ਵੋਟ ਪਾਉਣ ਦਾ ਅਧਿਕਾਰ ਰੱਖਦੇ ਹਨ ਪਰ ਹੁਣ ਨਵੀਂ ਵਾਰਡਬੰਦੀ 'ਚੋਂ ਕਿਉਂ ਬਾਹਰ ਕੀਤਾ ਜਾ ਰਿਹਾ ਹੈ? ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਕਿਹਾ ਕਿ ਇਹ ਵਾਰਡਬੰਦੀ ਹਾਕਮ ਧਿਰ ਦੀ ਸ਼ੈਅ ਤੇ ਕੀਤੀ ਜਾ ਰਹੀ ਹੈ, ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਰਾਜਨੀਤਕ ਤੇ ਸਮਾਜਿਕ ਧਿਰਾਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ 'ਤੇ ਇੱਕਮੁੱਠ ਹੋ ਕੇ ਸੰਘਰਸ਼ ਲੜਿਆ ਜਾਵੇ |
• ਕੀ ਕਹਿਣਾ ਹੈ ਕੌਂਸਲ ਅਧਿਕਾਰੀਆਂ ਦਾ-ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਸ਼ਹਿਰ ਦੀ ਹੱਦਬੰਦੀ ਦਾ ਕਾਰਜ ਚੱਲ ਰਿਹਾ ਹੈ | ਸਮੂਹ ਐਸੋਸੀਏਟ ਮੈਂਬਰਾਂ ਤੋਂ ਇਲਾਵਾ ਸਰਕਾਰ ਦੇ ਨੁਮਾਇੰਦੇ ਅਤੇ ਅਧਿਕਾਰੀ ਸ਼ਾਮਿਲ ਕੀਤੇ ਗਏ ਹਨ | ਇਸ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਮਿਉਂਸਪਲ ਚੋਣ ਸ਼ਾਖਾ ਵਲੋਂ 8 ਦਸੰਬਰ ਨੂੰ ਪੰਜਾਬ ਮਿਉਂਸਪਲ ਭਵਨ ਸਥਾਨਕ ਸਰਕਾਰ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਾਨਸਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਲਈ 298 ਉਮੀਦਵਾਰ ਚੋਣ ਮੈਦਾਨ 'ਚ ਅਗਲੀ ਖ਼ਬਰ ਮਾਨਸਾ ਦੇ ਰਾਮਦਿੱਤੇਵਾਲਾ ਚੌਂਕ 'ਚ ਲੱਗਦਾ ਟਰੈਫ਼ਿਕ ਜਾਮ ਬਣਿਆ ਲੋਕਾਂ ਲਈ ਸਿਰਦਰਦੀ
Ad Position 24