ਭਗਤਾ ਭਾਈਕਾ, 20 ਦਸੰਬਰ (ਸੁਖਪਾਲ ਸਿੰਘ ਸੋਨੀ)-ਸਥਾਨਕ ਟਰੱਕ ਯੂਨੀਅਨ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਵਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੌਰਾਨ ਰਿਤੇਸ਼ ਕੁਮਾਰ ਭਗਤਾ ਨੇ ਕਿਹਾ ਕਿ ਇਕੱਠ ਦੌਰਾਨ ਪਿਛਲੇ ਸੱਤ-ਅੱਠ ਮਹੀਨਿਆਂ ਤੋਂ ਲਟਕ ਰਹੀਆਂ ਮੰਗਾਂ ਅਤੇ ਸਮੱਸਿਆਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਭਗਤਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਰਕਾਰੀ ਧੱਕੇਸ਼ਾਹੀ, ਠੇਕੇਦਾਰ ਅਤੇ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਦੇ ਚੱਲਦਿਆਂ ਸਾਉਣੀ ਦੇ ਪੂਰੇ ਸੀਜਨ ਦੌਰਾਨ ਭਗਤਾ ਭਾਈਕਾ ਦੀ ਯੂਨੀਅਤ ਨਾਲ ਸਬੰਧਿਤ ਕਰੀਬ 250 ਟਰੱਕਾਂ ਨੂੰ ਕੰਮ ਤੋਂ ਵਾਂਝਾ ਰੱਖਿਆ ਗਿਆ | ਨਤੀਜੇ ਵਜੋਂ ਯੂਨੀਅਨ ਦੇ ਸਾਰੇ ਟਰੱਕ ਸਾਉਣੀ ਦੇ ਸੀਜਨ ਦੌਰਾਨ ਖੜੇ ਰਹੇ, ਜਦਕਿ ਠੇਕੇਦਾਰ ਵਲੋਂ ਬਾਹਰੋਂ ਟਰੱਕ ਮੰਗਵਾ ਕੇ ਕੰਮ ਕਰਵਾਇਆ ਗਿਆ | ਰਿਤੇਸ਼ ਕੁਮਾਰ ਨੇ ਦੋਸ਼ ਲਗਾਇਆ ਕਿ ਪਿਛਲੇ 30-35 ਸਾਲਾਂ ਤੋਂ ਕੰਮ ਕਰ ਰਹੀ ਟਰੱਕ ਯੂਨੀਅਨ ਨੂੰ ਜਾਣ-ਬੁੱਝ ਕੇ ਕੰਮ ਤੋਂ ਵਾਂਝਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਿ ਕਣਕ ਅਤੇ ਸਾਉਣੀ ਦੇ ਸੀਜਨ ਦੌਰਾਨ ਟਰੱਕ ਅਪਰੇਟਰਾਂ ਦੇ ਬਕਾਏ ਦਾ ਵੀ ਸਬੰਧਿਤ ਠੇਕੇਦਾਰ ਵਲੋਂ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ | ਪ੍ਰਸ਼ਾਸਨ ਵਲੋਂ ਵੀ ਲੰਬੇ ਸਮੇਂ ਤੋਂ ਟਰੱਕ ਅਪਰੇਟਰਾਂ ਦੀ ਕੋਈ ਸਾਰ ਨਹੀਂ ਲਈ ਗਈ, ਜਿਸ ਕਾਰਨ ਭੁਗਤਾਨ ਅਜੇ ਤੱਕ ਬਕਾਇਆ ਪਿਆ ਹੈ | ਆਗੂਆਂ ਨੇ ਦੱਸਿਆ ਕਿ ਸਬੰਧਿਤ ਠੇਕੇਦਾਰ ਖਿਲਾਫ਼ 22 ਤਾਰੀਖ ਨੂੰ ਜੈਤੋ ਮੰਡੀ ਵਿਚ ਵੱਡਾ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ | ਇਸ ਤੋਂ ਬਾਅਦ 26 ਦਸੰਬਰ ਨੂੰ ਠੇਕੇਦਾਰ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ | ਆਗੂਆਂ ਨੇ ਕਿਹਾ ਹਾੜ੍ਹੀ ਅਤੇ ਸਾਉਣੀ ਦੇ ਸੀਜਨਾਂ ਦੌਰਾਨ ਟਰੱਕ ਆਪਰੇਟਰਾਂ ਨੂੰ ਹੋਏ ਨੁਕਸਾਨ ਅਤੇ ਬਕਾਇਆ ਭੁਗਤਾਨ ਦੀ ਵਸੂਲੀ ਲਈ ਵੀ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਧਰਮਿੰਦਰ ਸਿੰਘ ਸਿਰੀਏ ਵਾਲਾ, ਅਵਤਾਰ ਸਿੰਘ ਤਾਰੀ, ਬੁਧ ਸਿੰਘ, ਲਵਪ੍ਰੀਤ ਸਿੰਘ, ਜਗਦੀਪ ਸਿੰਘ ਸਿਰੀਏਵਾਲਾ, ਮੱਖਣ ਸਿੰਘ, ਜਸਵਿੰਦਰ ਸਿੰਘ ਪੱਪੂ, ਯੋਧਾ ਸਿੰਘ, ਜੋਨੀ ਸਿੰਘ, ਬੰਸਾ ਸਿੰਘ, ਬੋਘਾ ਸਿੰਘ, ਰਾਮ ਲਾਲ ਆਦਿ ਹਾਜ਼ਰ ਸਨ |