ਕਰਨਾਲ, 20 ਦਸੰਬਰ (ਗੁਰਮੀਤ ਸਿੰਘ ਸੱਗੂ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਅੱਜ ਸਮਾਪਤ ਹੋ ਗਿਆ | ਇਸ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਦਿਆਂ ਗੁਰਬਾਣੀ ਵਿਚਾਰਾਂ ਸਰਵਣ ਕੀਤੀਆਂ | ਸ਼ਾਹਬਾਦ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਵਿਖੇ ਰਾਤ ਦੇ ਸਜਾਏ ਗਏ ਦੀਵਾਨਾਂ ਦੌਰਾਨ ਪੰਥ ਪ੍ਰਸਿੱਧ ਰਾਗੀ ਸਿੰਘਾਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਗੁਰਮਤਿ ਪ੍ਰਚਾਰ ਸੇਵਕ ਜਥਾ ਸ਼ਾਹਬਾਦ ਵਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਤਿੰਨ ਰੋਜ਼ਾ ਸਮਾਗਮ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਆਏ ਰਾਗੀ ਭਾਈ ਜਸਕਰਨ ਸਿੰਘ, ਸਮਰਾਲਾ ਤੋਂ ਭਾਈ ਰਮਿੰਦਰ ਸਿੰਘ, ਚੰਡੀਗੜ੍ਹ ਤੋਂ ਭਾਈ ਹਰਪ੍ਰੀਤ ਸਿੰਘ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਦੋਸੜਕਾਂ ਤੋਂ ਭਾਈ ਰਣਜੋਤ ਸਿੰਘ, ਭਾਈ ਮਨਰਾਜ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਤੋਂ ਇਲਾਵਾ ਭਾਈ ਜਗਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ, ਭਾਈ ਸਰਬਜੀਤ ਸਿੰਘ ਕਥਾਵਾਚਕ ਲੁਧਿਆਣਾ ਤੇ ਭਾਈ ਜਸਪ੍ਰੀਤ ਸਿੰਘ ਕਥਾਵਾਚਕ ਮੋਗਾ ਆਦਿ ਨੇ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਸ਼ਵ ਭਰ 'ਚ ਇਨ੍ਹਾਂ ਸ਼ਹਾਦਤਾਂ ਦਾ ਕੋਈ ਮੁਕਾਬਲਾ ਨਹੀਂ ਹੈ | ਪ੍ਰੋਗਰਾਮ ਦੇ ਅੰਤਿਮ ਦਿਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਗੁਰਬੀਰ ਸਿੰਘ ਤਾਰਕੋਲ, ਮੈਂਬਰ ਰਜਿੰਦਰ ਸਿੰਘ, ਮੈਂਬਰ ਬੀਬੀ ਕਰਤਾਰ ਕੌਰ ਗਿੱਲ ਅਤੇ ਸਾਬਕਾ ਮੈਂਬਰ ਬੇਅੰਤ ਸਿੰਘ ਨਲਵੀ ਆਦਿ ਨੇ ਹਿੱਸਾ ਲਿਆ ਅਤੇ ਗੁਰਮਤਿ ਪ੍ਰਚਾਰ ਸੇਵਕ ਜਥੇ ਵਲੋਂ ਮੂਲ ਮੰਤਰ, ਗੁਰਮੰਤਰ, ਜਪੁਜੀ ਸਾਹਿਬ ਆਦਿ ਦਾ ਪਾਠ ਕਰਨ ਵਾਲੇ ਬੱਚਿਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਗਿਆਨੀ ਅਮਰਪਾਲ ਸਿੰਘ ਨੇ ਕੀਤਾ |