ਲਹਿਰਾ ਮੁਹੱਬਤ, 22 ਦਸੰਬਰ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਚ ਮਸਤੀ ਦੀ ਪਾਠਸ਼ਾਲਾ ਦੇ ਪਹਿਲੇ ਐਪੀਸੋਡ ਦਾ ਸ਼ਾਨਦਾਰ ਆਗਾਜ਼ ਕੀਤਾ | ਪੂਰਾ ਸਮਾਗਮ ਸਕੂਲ ਦੀ ਪਿ੍ੰਸੀਪਲ ਕਾਵਿਆ ਅਸੀਜਾ ਦੀ ਕੁਸ਼ਲ ਅਗਵਾਈ ਹੇਠ ਹੋਇਆ | ਮਸਤੀ ਦੀ ਪਾਠਸ਼ਾਲਾ ਸ਼ੁਰੂ ਕਰਨ ਦਾ ਮੁੱਖ ਉਦੇਸ਼ ਸਕੂਲੀ ਸਿੱਖਿਆ ਦੇ ਨਾਲ-ਨਾਲ ਮਨੋਰੰਜਨ ਦੇ ਮਾਧਿਅਮ ਨਾਲ ਬੱਚਿਆਂ ਨੂੰ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ | ਮਸਤੀ ਦੀ ਪਾਠਸ਼ਾਲਾ ਡੀ.ਡੀ ਪੰਜਾਬੀ ਚੈਨਲ 'ਤੇ ਸ਼ੁਰੂ ਹੋਣ ਜਾ ਰਿਹਾ ਇਕ ਨਵਾਂ ਪ੍ਰੋਗਰਾਮ ਹੈ, ਜਿਸ ਦਾ ਪਹਿਲਾ ਐਪੀਸੋਡ ਗਲੋਬਲ ਡਿਸਕਵਰੀ ਸਕੂਲ ਦੇ ਵਿਹੜੇ ਵਿਚ ਸ਼ੂਟ ਕੀਤਾ | ਪ੍ਰੋਗਰਾਮ ਦੇ ਨਿਰਦੇਸ਼ਕ ਸ਼ੁਗਲੀਅ ਤੇ ਜੁਗਲੀ ਹਨ ਅਤੇ ਨਿਰਮਾਤਾ ਵਰੁਣ ਬਾਂਸਲ ਹਨ | ਪ੍ਰੋਗਰਾਮ ਨੂੰ ਹੋਸਟ ਕਰਨ ਲਈ ਪਹੁੰਚੇ ਚਾਚਾ ਬਿਸ਼ਨਾ ਬੱਚਿਆਂ ਦੀ ਖੁਸ਼ੀ ਦਾ ਵਿਸ਼ੇਸ਼ ਕੇਂਦਰ ਬਣੇ ਰਹੇ | ਸਕੂਲ ਦੇ ਬੱਚਿਆਂ ਨੇ ਨਾਟਕ, ਲੁੱਡੀ (ਪੰਜਾਬੀ ਲੋਕ ਨਾਚ), ਤਾਇਕਵਾਂਡੋ, ਜੀਡੀਐਸ ਐਂਥਮ, ਸਕੇਟਿੰਗ, ਅਬੈਕਸ ਟੇਬਲ ਅਤੇ ਅਬੈਕਸ ਕੈਲਕੁਲੇਸ਼ਨ, ਰੋਬੋਟਿਕਸ, ਅੰਗਰੇਜ਼ੀ ਗੀਤ, ਦੇਸ਼ਭਗਤੀ ਗੀਤ, ਅਦਾਕਾਰੀ, ਭੰਗੜਾ, ਹਿਪ-ਹੌਪ, ਭੰਗੜਾ, ਰਾਜਸਥਾਨੀ ਗੀਤ, ਬੋਲੀਆਂ, ਮੀਰਾਬਾਈ ਰੋਲ-ਪਲੇਅ ਅਤੇ ਲਾਈਵ ਪੇਂਟਿੰਗ ਵਰਗੀਆਂ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ | ਇਸ ਦੇ ਨਾਲ ਜਾਗਰੂਕਤਾ ਸ਼ੋਅ ਸੇ ਨੋ ਟੂ ਪੋਲੀ ਬੈਗਜ਼ ਤੇ ਸ਼ੋਸਲ ਮੀਡੀਆ ਦੇ ਬੁਰੇ ਪ੍ਰਭਾਵ ਵਰਗੇ ਕਾਰਜਕ੍ਰਮ ਵੀ ਪੇਸ਼ ਕੀਤੇ | ਬੱਚਿਆਂ ਦੀਆਂ ਇਹ ਪੇਸ਼ਕਾਰੀਆਂ ਗਿਆਨ, ਮਨੋਰੰਜਨ ਅਤੇ ਸਮਾਜਿਕ ਜਾਗਰੂਕਤਾ ਦਾ ਸੁੰਦਰ ਸੰਗਮ ਦਰਸਾ ਰਹੀਆਂ ਸਨ | ਆਤਮ-ਵਿਸ਼ਵਾਸ ਅਤੇ ਮੰਚ ਉਤੇ ਉਨ੍ਹਾਂ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਗਾਯੋਗ ਰਹੀ | ਇਸ ਮੌਕੇ ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਕਿਹਾ ਅੱਜ ਦੇ ਸਮੇਂ ਵਿਚ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਬਹੁਤ ਜ਼ਰੂਰੀ ਹੈ | ਇਸ ਤਰ੍ਹਾਂ ਕਾਰਜਕ੍ਰਮ ਬੱਚਿਆਂ ਵਿਚ ਆਤਮ-ਵਿਸ਼ਵਾਸ, ਰਚਨਾਤਮਕਤਾ ਨੂੰ ਵਧਾਉਂਦੇ ਹਨ | ਉਨ੍ਹਾਂ ਇਸ ਸ਼ਾਨਦਾਰ ਪੇਸ਼ਕਾਰੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਅਤੇ ਪ੍ਰੋਗਰਾਮ ਦਾ ਹਿੱਸਾ ਬਣਾਉਣ ਅਤੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸ਼ੋਅ ਰਾਹੀਂ ਸਿੱਧੇ ਤੌਰ 'ਤੇ ਦਰਸਾਉਣ ਦਾ ਮੌਕਾ ਦੇਣ ਲਈ ਨਿਰਮਾਤਾ ਵਰੁਣ ਬਾਂਸਲ ਅਤੇ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਕੀਤਾ |