ਮਾਨਸਾ, 24 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਤੇ ਚੰਡੀਗੜ੍ਹ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਸਪਸ਼ਟ ਆਖਿਆ ਹੈ ਕਿ ਰਾਜ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਹ ਸਥਾਨਕ ਬੱਚਤ ਭਵਨ ਵਿਖੇ ਵਾਇਸ ਆਫ਼ ਮਾਨਸਾ ਵਲੋਂ ਕਰਵਾਏ ਗਏ ਸੈਮੀਨਾਰ ਮੌਕੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਮੇਂ-ਸਮੇਂ 'ਤੇ ਅਡਵਾਇਜਰੀਜ਼ ਜਾਰੀ ਕਰਨ ਦੇ ਨਾਲ ਹੀ ਮਨੁੱਖਤਾ ਦੀ ਭਲਾਈ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਹਰ ਜ਼ਿਲੇ੍ਹ 'ਚ 14 ਮੈਂਬਰੀ ਕੋਰ ਕਮੇਟੀ ਗਰੁੱਪ ਬਣਾਇਆ ਜਾ ਰਿਹਾ ਹੈ ਤਾਂ ਕਿ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਹੋ ਸਕੇ | ਉਨ੍ਹਾਂ ਕਿਹਾ ਕਿ ਹਰ ਹਸਪਤਾਲ 'ਚ ਮੋਰਚਰੀ ਜ਼ਰੂਰੀ ਕੀਤੀ ਜਾਵੇਗੀ | ਸ: ਸ਼ੰਟੀ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਹਸਪਤਾਲ 'ਚ ਮਰੀਜ਼ ਦੀ ਮੌਤ ਉਪਰੰਤ ਮਿ੍ਤਕ ਦੇਹ ਇਸ ਵਜ੍ਹਾ ਕਰ ਕੇ ਨਹੀਂ ਰੱਖੀ ਜਾ ਸਕਦੀ ਕਿ ਸਬੰਧਿਤ ਪਰਿਵਾਰ ਵਲੋਂ ਪੈਸਿਆਂ ਦੀ ਅਦਾਇਗੀ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨਾਲ ਅਜਿਹੀ ਵਾਪਰਦੀ ਹੈ ਜਾਂ ਮਾਮਲਾ ਧਿਆਨ 'ਚ ਆਉਂਦਾ ਹੈ ਤਾਂ ਤੁਰੰਤ ਕਮਿਸ਼ਨ ਦੇ ਧਿਆਨ 'ਚ ਲਿਖਤੀ ਲਿਆਂਦਾ ਜਾਵੇ ਤਾਂ ਕਿ ਹਸਪਤਾਲ ਦੇ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਨਾਲ ਹੀ 2 ਘੰਟਿਆਂ ਦੇ ਅੰਦਰ-ਅੰਦਰ ਹੀ ਮਿ੍ਤਕ ਦੇਹ ਵਾਰਸਾਂ ਦੇ ਹਵਾਲੇ ਕੀਤੀ ਜਾਵੇ | ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਹਾਲੇ ਤੱਕ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਸਕੀਆਂ ਅਤੇ ਨਾ ਹੀ ਬਹੁਤੇ ਪੀੜਤਾਂ ਦੀ ਸਰਕਾਰਾਂ ਨੇ ਬਾਂਹ ਫੜੀ ਹੈ | ਉਨ੍ਹਾਂ ਦੱਸਿਆ ਕਿ ਅਧਿਕਾਰਾਂ ਦੀ ਉਲੰਘਣਾ ਦਾ ਮਾਮਲਾ ਕਮਿਸ਼ਨ ਦੇ ਧਿਆਨ 'ਚ ਆਉਂਦਿਆਂ ਹੀ ਨੋਟਿਸ ਲਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ 'ਚ ਮੋਗਾ ਦੀ ਮਿ੍ਤਕ ਔਰਤ ਦੀ ਦੇਹ ਬਦਲਣ ਦੇ ਮਾਮਲੇ ਦੀਆਂ ਅਖ਼ਬਾਰਾਂ 'ਚ ਖ਼ਬਰਾਂ ਪ੍ਰਕਾਸ਼ਿਤ ਹੋਣ 'ਤੇ ਵਿਸ਼ੇਸ਼ ਨੋਟਿਸ ਲਿਆ ਗਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ | ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ | ਉਨ੍ਹਾਂ ਨਾਲ ਹੀ ਦੱਸਿਆ ਕਿ ਕਮਿਸ਼ਨ ਵਲੋਂ ਹਰ ਜ਼ਿਲੇ੍ਹ 'ਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਨਾਲ ਹੀ ਅਧਿਕਾਰਾਂ ਬਾਰੇ ਦੱਸਿਆ ਜਾ ਰਿਹਾ ਹੈ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੋ ਸਕੇ | ਕੋਰੋਨਾ ਕਾਲ ਵੇਲੇ ਦਿੱਲੀ 'ਚ ਹਜ਼ਾਰਾਂ ਦੇਹਾਂ ਦਾ ਸਸਕਾਰ ਕਰਵਾਉਣ ਵਾਲੇ ਸ: ਸ਼ੰਟੀ ਨੇ ਕਿਹਾ ਕਿ ਪੰਜਾਬ 'ਚ ਬੇਸਹਾਰਾ ਪਸ਼ੂਆਂ ਤੇ ਕੁੱਤਿਆਂ ਦਾ ਮਸਲਾ ਹੱਲ ਕਰਵਾਉਣ ਲਈ ਵੀ ਕਮਿਸ਼ਨ ਯਤਨ ਜੁਟਾਏਗਾ | ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਪ੍ਰੋਜੈਕਟ ਕੋਆਰਡੀਨੇਟਰ ਲਖਵਿੰਦਰ ਸਿੰਘ ਮੂਸਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਾਇਸ ਆਫ਼ ਮਾਨਸਾ ਨਿਰੰਤਰ ਸਮਾਜਿਕ ਮੁੱਦਿਆਂ ਅਤੇ ਸਮਾਜ ਭਲਾਈ ਲਈ ਤਤਪਰਤਾ ਨਾਲ ਕਾਰਜ ਰਹੀ ਹੈ | ਸੈਮੀਨਾਰ ਨੂੰ ਡਾ. ਸ਼ੇਰਜੰਗ ਸਿੰਘ ਸਿੱਧੂ, ਪਵਨ ਕੁਮਾਰ ਫੱਤਾ, ਵਿਸ਼ਵਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਨਵਜੋਤ ਕੌਰ ਡਿਪਟੀ ਕਮਿਸ਼ਨਰ, ਭਾਗੀਰਥ ਸਿੰਘ ਮੀਨਾ ਐਸ.ਐਸ.ਪੀ., ਕਾਲਾ ਰਾਮ ਕਾਂਸਲ ਐਸ.ਡੀ.ਐਮ., ਮਨੁੱਖੀ ਅਧਿਕਾਰ ਕਮਿਸ਼ਨ 'ਚ ਡੀ.ਐਸ.ਪੀ. ਦੀਪਕ ਸਿੰਘ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ, ਨਵਦੀਪ ਆਹਲੂਵਾਲੀਆ ਆਦਿ ਹਾਜ਼ਰ ਸਨ |