ਬਠਿੰਡਾ, 29 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਬੀਤੇ ਕੱਲ੍ਹ ਬਠਿੰਡਾ 'ਚ ਗਲ ਵੱਢ ਕੇ ਕਤਲ ਕੀਤੀ ਗਈ ਰੀਤਿਕਾ ਦਾ ਕਾਤਲ ਉਸ ਦਾ ਪਤੀ ਹੀ ਨਿਕਲਿਆ, ਜਿਸ ਨੇ ਪਤਨੀ ਦੇ ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਕਤਲ ਨੂੰ ਅੰਜਾਮ ਦਿੱਤਾ | ਪੁਲਿਸ ਨੇ ਇਸ ਅੰਨੇ੍ਹ ਕਤਲ ਦੀ ਗੁੱਥੀ ਨੂੰ 24 ਘੰਟਿਆਂ 'ਚ ਸੁਲਝਾਉਂਦਿਆਂ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਸਥਾਨਕ ਬੈਂਕ ਬਾਜ਼ਾਰ 'ਚ ਇਕ ਸ਼ੋਅਰੂਮ 'ਤੇ ਕੰਮ ਕਰਦੀ ਪਰਸਰਾਮ ਨਗਰ ਦੀ ਵਸਨੀਕ ਰੀਤਿਕਾ ਗੋਇਲ 27 ਦਸੰਬਰ ਨੂੰ ਆਪਣੇ ਕੰਮ 'ਤੇ ਜਾਣ ਬਾਅਦ ਅਚਾਨਕ ਲਾਪਤਾ ਹੋ ਗਈ ਸੀ, ਜਿਸ ਦੀ ਬੀਤੇ ਕੱਲ੍ਹ ਸਥਾਨਕ ਠੰਡੀ ਸੜਕ ਨੇੜਲੀਆਂ ਝਾੜੀਆਂ 'ਚੋਂ ਲਾਸ਼ ਮਿਲੀ ਸੀ ਤੇ ਮਿ੍ਤਕਾ ਦੇ ਪਤੀ ਸਾਹਿਲ ਨੇ ਆਪਣੀ ਪਤਨੀ ਦਾ ਗੁਰਜੀਤ ਨਾਂਅ ਦੇ ਲੜਕੇ ਨਾਲ ਪ੍ਰੇਮ ਸਬੰਧ ਹੋਣ ਕਰਕੇ ਉਸ ਵਲੋਂ ਉਸ ਦਾ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਸੀ ਪਰ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਰੀਤਿਕਾ ਦਾ ਕਤਲ ਸਾਹਿਲ ਨੇ ਹੀ ਕੀਤਾ ਹੈ | ਉਨ੍ਹਾਂ ਦੱਸਿਆ ਸਾਹਿਲ ਅਨੁਸਾਰ ਦੋਵਾਂ ਦਾ 2022 'ਚ ਪ੍ਰੇਮ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਵੀ ਰੀਤਿਕਾ ਦੇ ਗੁਰਜੀਤ ਨਾਲ ਨਜਾਇਜ਼ ਸਬੰਧ ਚੱਲ ਰਹੇ ਸਨ ਤੇ ਬੀਤੇ 27 ਦਸੰਬਰ ਨੂੰ ਵੀ ਕੰਮ ਤੋਂ ਉਸੇ ਨਾਲ ਕਿੱਧਰੇ ਗਈ ਸੀ, ਜਿਸ ਬਾਰੇ ਪਤਾ ਲੱਗਣ 'ਤੇ ਉਸ ਨੇ ਰੀਤਿਕਾ ਨੂੰ ਕਤਲ ਕਰਨ ਦਾ ਮਨ ਬਣਾ ਲਿਆ | ਜਦੋਂ ਰੀਤਿਕਾ ਨੇ ਘਰ ਜਾਣ ਲਈ ਸਾਹਿਲ ਨੂੰ ਫੋਨ ਕਰਕੇ ਰੇਲਵੇ ਕੁਆਰਟਰਾਂ ਕੋਲ ਸੱਦਿਆ ਤਾਂ ਉੱਥੇ ਦੋਵਾਂ ਦੀ ਤਕਰਾਰਬਾਜ਼ੀ ਹੋ ਗਈ ਤੇ ਤੈਸ਼ 'ਚ ਆਏ ਸਾਹਿਲ ਨੇ ਚਾਕੂ ਨਾਲ ਰੀਤਿਕਾ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਝਾੜੀਆਂ ਵਿਚ ਸੁੱਟ ਕੇ ਉਸ ਦੇ ਲਾਪਤਾ ਹੋਣ ਦੀ ਸਾਜ਼ਿਸ਼ ਰਚੀ | ਇਸ ਸਾਜ਼ਿਸ਼ ਤਹਿਤ ਉਹ ਆਪਣੀ ਸੱਸ ਨੂੰ ਨਾਲ ਲੈ ਕੇ ਪਹਿਲਾਂ ਆਪਣੀ ਪਤਨੀ ਦੇ ਪ੍ਰੇਮੀ ਗੁਰਜੀਤ ਦੇ ਘਰ ਗਿਆ ਤੇ ਫੇਰ ਪੁਲਿਸ ਕੋਲ ਲਾਪਤਾ ਦੀ ਸ਼ਿਕਾਇਤ ਦਰਜ ਕਰਵਾਈ ਤੇ ਬੀਤੇ ਕੱਲ੍ਹ ਖ਼ੁਦ ਹੀ ਪਤਨੀ ਦੇ ਫੋਨ ਦੀ ਦਿਸ਼ਾ ਉਕਤ ਝਾੜੀਆਂ ਨੇੜੇ ਦੀ ਆਉਣ ਦਾ ਕਹਿ ਕੇ ਪੁਲਿਸ ਪਾਰਟੀ ਨੂੰ ਉੱਧਰ ਲੈ ਕੇ ਗਿਆ, ਜਿੱਥੋਂ ਰੀਤਿਕਾ ਦੀ ਲਾਸ਼ ਮਿਲੀ | ਪੁਲਿਸ ਨੇ ਸਾਹਿਲ ਨੂੰ ਗਿ੍ਫ਼ਤਾਰ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ ਤੇ ਹੋਰ ਪੁੱਛ-ਗਿੱਛ ਲਈ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |