ਸੁਲਤਾਨਪੁਰ ਲੋਧੀ, 3 ਜੂਨ (ਥਿੰਦ)-ਸ਼ਾਮ ਵੇਲੇ ਸੁਲਤਾਨਪੁਰ ਲੋਧੀ ਤੇ ਇਸ ਦੇ ਆਸਪਾਸ ਇਲਾਕਿਆਂ ਵਿਚ ਆਈ ਤੇਜ਼ ਹਨੇਰੀ ਤੇ ਇਸ ਤੋਂ ਬਾਅਦ ਪਏ ਹਲਕੇ ਮੀਂਹ ਨਾਲ ਤਾਪਮਾਨ ਵਿਚ ਵੱਡੀ ਗਿਰਾਵਟ ਆਈ ਹੈ | ਤੇਜ਼ ਹਨੇਰੀ ਨੇ ਕਈ ਥਾਵਾਂ ਤੇ ਮੱਕੀ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ | ਕੁੱਝ ਦਿਨਾਂ ਬਾਅਦ ਹੀ ਅਗੇਤੀ ਮੱਕੀ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਜਾਣੀ ਹੈ ਪਰ ਧਰਤੀ 'ਤੇ ਵਿੱਛ ਜਾਣ ਕਾਰਨ ਇਸਦੀ ਦੀ ਕਟਾਈ ਕਰਨੀ ਔਖੀ ਹੋ ਜਾਵੇਗੀ | ਇਸੇ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੇ ਇਸ ਤੋਂ ਪਹਿਲਾਂ ਆਈਆਂ ਹਨੇਰੀਆਂ ਨੇ ਮੱਕੀ ਦੀ ਫ਼ਸਲ ਦੀ ਕਾਫ਼ੀ ਭੰਨਤੋੜ ਕੀਤੀ ਸੀ | ਦੋਨਾਂ ਇਲਾਕੇ ਦੇ ਕਿਸਾਨ ਸਰਬਜੀਤ ਸਿੰਘ ਖਿੰਡਾ ਨੇ ਦੱਸਿਆ ਕਿ ਤੇਜ਼ ਹਨੇਰੀ ਨਾਲ ਖ਼ਰਬੂਜ਼ੇ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ | ਤੇਜ਼ ਹਨੇਰੀ ਨਾਲ ਪਵਿੱਤਰ ਨਗਰੀ ਸਮੇਤ ਪਿੰਡਾਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ | ਉੱਘੇ ਕਿਸਾਨ ਸਰਵਨ ਸਿੰਘ ਚੰਦੀ ਨੇ ਦੱਸਿਆ ਕਿ ਹਨੇਰੀ ਨਾਲ ਪਿਛੇਤੀ ਮੱਕੀ ਦੀ ਫ਼ਸਲ ਦਾ ਜ਼ਿਆਦਾ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ 4-5 ਸਾਲਾਂ ਤੋਂ ਮੱਕੀ ਦੀ ਫ਼ਸਲ ਦੀ ਪੈਦਾਵਾਰ ਲਾਹੇਵੰਦ ਹੋਣ ਕਰਕੇ ਸੁਲਤਾਨਪੁਰ ਲੋਧੀ ਹਲਕੇ ਅੰਦਰ 60 ਫ਼ੀਸਦੀ ਤੋਂ ਵੱਧ ਰਕਬੇ ਮੱਕੀ ਦੀ ਬਿਜਾਈ ਹੋਈ ਹੈ | ਇਸੇ ਤਰ੍ਹਾਂ ਝੋਨੇ ਦੀ ਲਵਾਈ ਤਿਆਰ ਬੈਠੇ ਕਿਸਾਨਾਂ ਲਈ ਮੀਂਹ ਵਰਦਾਨ ਸਾਬਿਤ ਹੋਵੇਗਾ |