28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿੰਡ ਮਨੂੰ ਮਾਛੀ ਦਾ ਆਰਜ਼ੀ ਬੰਨ੍ਹ ਟੁੱਟਾ, ਹਜ਼ਾਰਾਂ ਏਕੜ ਫ਼ਸਲ ਬਰਬਾਦ

Ad Position 21
No active advertisement
ਅਜੀਤ ਡੈਸਕ 04-09-2025
ਸੁਲਤਾਨਪੁਰ ਲੋਧੀ, 3 ਸਤੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਵਿਚ ਪੈਂਦੇ ਕੁੱਝ ਪਿੰਡਾਂ ਨੂੰ ਸਤਲੁਜ ਤੇ ਬਿਆਸ ਦੋਵੇਂ ਦਰਿਆਵਾਂ ਵੱਲੋਂ ਮਾਰ ਪੈਣ ਕਾਰਨ ਕਿਸਾਨਾਂ ਦੇ ਹੌਸਲੇ ਟੁੱਟ ਰਹੇ ਹਨ | ਅੱਜ ਸਵੇਰੇ ਪਿੰਡ ਦਾਰੇਵਾਲ ਨਜ਼ਦੀਕ ਮੰਨੂ ਮਾਛੀ, ਫਿਰੋਜ਼ਪੁਰ ਦਾ ਆਰਜ਼ੀ ਬੰਨ ਟੁੱਟਣ ਕਾਰਨ ਨਾਲ ਪੈਂਦੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਵੀ ਕੁੱਝ ਪਿੰਡਾਂ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ | ਇਸ ਬੰਨ ਤੇ ਟੁੱਟਣ ਨਾਲ ਮੰਡ ਇੰਦਰਪੁਰ, ਸ਼ਾਹ ਵਾਲਾ ਨੱਕੀ, ਮੰਡ ਅੰਦਰੀਸਾ, ਨੱਕੀ ਰਾਮਪੁਰ, ਗੱਟਾ ਦਲੇਰ ਆਦਿ ਪਿੰਡ ਹੁਣ ਮੰਨੂ ਮਾਛੀ ਬੰਨ ਟੁੱਟਣ ਕਾਰਨ ਪਾਣੀ ਵਿਚ ਡੁੱਬਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਕਰੀਬ ਹੋਰ 3 ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਬਰਬਾਦ ਹੋਣ ਜਾ ਰਹੀ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਦਰਿਆ ਬਿਆਸ ਤੇ ਹੁਣ ਸਤਲੁਜ ਨੇ ਵੱਡੀ ਢਾਅ ਲਗਾਈ ਹੈ | ਦਰਿਆ ਬਿਆਸ ਤੋਂ ਬਚੇ ਹੋਏ ਕੁੱਝ ਪਿੰਡਾਂ ਦੀ ਫ਼ਸਲ ਨੂੰ ਸਤਲੁਜ ਨੇ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੁੱਝ ਇਕ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਦਾ ਪਿੰਡ ਤਾਂ ਫਿਰੋਜ਼ਪੁਰ ਜ਼ਿਲੇ੍ਹ ਵਿਚ ਪੈਂਦਾ ਹੈ ਪ੍ਰੰਤੂ ਜ਼ਮੀਨ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਹਲਕੇ ਵਿਚ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿਚ ਬੇਚਿਰਾਗ਼ ਪਿੰਡਾਂ ਸਮੇਤ 3 ਦਰਜਨ ਦੇ ਕਰੀਬ ਪਿੰਡ ਪੈਂਦੇ ਹਨ ਜਿਨ੍ਹਾਂ ਵਿਚੋਂ ਕੁੱਝ ਆਬਾਦ ਹਨ ਅਤੇ ਕੁੱਝ ਬੇਚਿਰਾਗ਼ ਹਨ | ਕਿਸਾਨਾਂ ਨੇ ਦੱਸਿਆ ਕਿ ਸਾਡੇ ਕੋਲ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ | ਕਿਸਾਨਾਂ ਨੇ ਦੱਸਿਆ ਕਿ ਪਿਛਲੀ ਵਾਰ 2023 ਵਿਚ ਇਸ ਜਗ੍ਹਾ ਤੇ ਬੇੜੀ ਪਲਟਣ ਕਾਰਨ ਤਿੰਨ-ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ | ਕਿਸਾਨਾਂ ਨੇ ਕਿਹਾ ਕਿ ਸਾਡੀ ਸਰਕਾਰ ਤੋਂ ਸਿਰਫ਼ ਇੱਕ ਹੀ ਮੰਗ ਹੈ ਕਿ ਸਾਡੇ ਬੰਨ ਪੱਕੇ ਕੀਤੇ ਜਾਣ ਕਿਉਂਕਿ ਖ਼ਰਾਬਾ ਤਾਂ ਨਾ ਮਾਤਰ ਮਿਲਦਾ ਹੈ ਅਤੇ ਕਦੇ ਮਿਲਦਾ ਹੈ ਤੇ ਕਦੇ ਨਹੀਂ ਮਿਲਦਾ | ਕਿਸਾਨਾਂ ਨੇ ਮੰਗ ਕੀਤੀ ਕਿ ਦਰਿਆਵਾਂ ਨੂੰ ਚੌੜਾ ਤੇ ਡੂੰਘਾ ਕੀਤਾ ਜਾਵੇ ਅਤੇ ਬੰਨ ਨੂੰ ਪੱਕਾ ਕੀਤਾ ਜਾਵੇ ਤਾਂ ਜੋ ਹਰ ਸਾਲ ਆਉਣ ਵਾਲੀ ਇਸ ਮੁਸੀਬਤ ਤੋਂ ਰਾਹਤ ਮਿਲ ਸਕੇ | ਪੀੜਤ ਕਿਸਾਨਾਂ ਨੇ ਦੱਸਿਆ ਕਿ ਹਰਾ ਚਾਰਾ ਸਾਰਾ ਪਾਣੀ ਦੀ ਭੇਟ ਚੜ ਗਿਆ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਹਰਾ ਚਾਰਾ ਦਿੱਤਾ ਜਾਵੇ | ਦੂਜੇ ਪਾਸੇ ਪਿੰਡ ਭਾਗੋ ਬੁੱਢਾ ਤੋਂ ਆਹਲੀ ਖ਼ੁਰਦ, ਭਰੋਆਣਾ ਤੇ ਧੁੱਸੀ ਬੰਨ ਦੀ ਖ਼ਸਤਾ ਹਾਲਤ ਨੂੰ ਵੇਖਦੇ ਹੋਏ ਪਿੰਡਾਂ ਦੇ ਲੋਕ ਬਗੈਰ ਪ੍ਰਸ਼ਾਸਨ ਦੀ ਮਦਦ ਤੋਂ ਆਪ ਮੁਹਾਰੇ ਹੋ ਕੇ ਮਿੱਟੀ ਪਾ ਕੇ ਬੰਨ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ ਤਾਂ ਜੋ ਹੜ੍ਹ ਤੋਂ ਹੋਣ ਵਾਲੀ ਹੋਰ ਬਰਬਾਦੀ ਨੂੰ ਟਾਲਿਆ ਜਾ ਸਕੇ | ਮੰਡ ਖੇਤਰ ਦੇ ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਧੁੱਸੀ ਬੰਨ ਦੇ ਹਿੱਸੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਨਾਲ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਵਿਚ ਤਰੇੜਾਂ ਪੈ ਗਈਆਂ ਹਨ | ਦਰਿਆ ਬਿਆਸ ਤੇ ਦਰਿਆ ਸਤਲੁਜ ਵਿਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਕਾਰਨ ਇਹਨਾਂ ਬੰਨ੍ਹਾਂ ਨੂੰ ਵੀ ਬਹੁਤ ਵੱਡਾ ਖ਼ਤਰਾ ਪੈਦਾ ਹੋਇਆ ਹੈ ਕਿਉਂਕਿ ਜੇ ਬੰਨ ਟੁੱਟਦੇ ਹਨ ਤਾਂ ਹਲਕੇ ਵਿਚ ਬਹੁਤ ਵੱਡੀ ਬਰਬਾਦੀ ਹੋ ਸਕਦੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਇਸ ਵਿਚ ਕੋਈ ਸਹਿਯੋਗ ਨਹੀਂ ਹੈ ਅਤੇ ਨਾ ਹੀ ਸਰਕਾਰ ਦਾ | ਉਨ੍ਹਾਂ ਦੱਸਿਆ ਕਿ ਬੰਨ ਨੂੰ ਬਚਾਉਣ ਲਈ ਸੰਤ ਮਹਾਂਪੁਰਸ਼ਾਂ ਦੇ ਵੱਡੇ ਸਹਿਯੋਗ ਤੋਂ ਇਲਾਵਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਜਦੋਂ ਪਾਣੀ ਨੀਵਾਂ ਹੋਵੇਗਾ ਤਦ ਹੀ ਟੁੱਟੇ ਹੋਏ ਬੰਨ ਨੂੰ ਦੁਬਾਰਾ ਬੰਨਿ੍ਹਆ ਜਾ ਸਕਦਾ ਹੈ | ਬੀਤੇ ਦਿਨਾਂ ਤੋਂ ਹੋਰ ਭਾਰੀ ਬਾਰਿਸ਼ ਕਾਰਨ ਪਵਿੱਤਰ ਕਾਲੀ ਵੇਈਾ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਦੇ ਨਾਲ ਵੇਈਾ ਦੇ ਨਾਲ ਲੱਗਦੇ ਕੁੱਝ ਇਕ ਖੇਤਾਂ ਵਿਚ ਵੀ ਪਾਣੀ ਆ ਵੜਿਆ ਹੈ | ਮੰਡ ਖੇਤਰ ਬਾਊਪੁਰ ਦੇ ਹੜ੍ਹ ਨਾਲ ਘਿਰੇ ਪਿੰਡਾਂ ਵਿਚ ਪਾਣੀ ਦਾ ਪੱਧਰ ਅਜੇ ਉਵੇਂ ਹੀ ਹੈ, ਕਿਉਂਕਿ ਪਾਣੀ ਜੇਕਰ ਇੱਕ ਦਿਨ ਘਟਦਾ ਹੈ ਤਾਂ ਦੂਸਰੇ ਦਿਨ ਫਿਰ ਵਧ ਜਾਂਦਾ ਹੈ | ਇਸ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਸਾਰ ਲਵੇ-ਜੈਮਲ ਸਿੰਘ, ਤੇਜਿੰਦਰ ਸਿੰਘ
Ad Position 24