ਸੁਲਤਾਨਪੁਰ ਲੋਧੀ, 3 ਸਤੰਬਰ (ਥਿੰਦ)-ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ 'ਚ ਝੋਨੇ ਦੇ ਖੇਤ ਪਾਣੀ ਨਾਲ ਡੁੱਬ ਗਏ ਹਨ | ਸੜਕਾਂ ਉੱਪਰ ਚੱਲਣਾ ਮੁਸ਼ਕਿਲ ਹੋ ਗਿਆ ਹੈ | ਕਾਲੀ ਵੇਈਾ ਵੀ ਕਈ ਥਾਵਾਂ ਤੇ ਓਵਰਫ਼ਲੋ ਹੋ ਗਈ ਹੈ ਅਤੇ ਝੋਨੇ ਦੇ ਖੇਤਾਂ ਨੂੰ ਡੁਬੋ ਦਿੱਤਾ ਹੈ | ਸੁਲਤਾਨਪੁਰ ਲੋਧੀ ਤੋਂ ਡੱਲਾ ਸਾਹਿਬ ਨੂੰ ਜਾਣ ਵਾਲੀ ਸੜਕ ਉੱਪਰ ਡੇਢ ਫੁੱਟ ਦੇ ਕਰੀਬ ਪਾਣੀ ਵਗ ਰਿਹਾ ਹੈ | ਜਿਸ ਕਾਰਨ ਆਉਣ ਜਾਣ ਸਮੇਂ ਰਾਹਗੀਰਾਂ ਨੂੰ ਮੁਸ਼ਕਿਲ ਆ ਰਹੀ ਹੈ | ਪਿੰਡ ਜਾਰਜਪੁਰ ਨੇੜੇ ਵਗਦੀ ਬਰਸਾਤੀ ਡਰੇਨ ਵੀ ਨੱਕੋਂ ਨੱਕ ਭਰੀ ਹੋਈ ਹੈ ਅਤੇ ਨਾਲ ਲੱਗਦੇ ਖੇਤਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ ਹੈ | ਸੁਲਤਾਨਪੁਰ ਲੋਧੀ ਹਲਕੇ ਅੰਦਰ ਵਗਦੀ ਕਾਲੀ ਵੇਈਾ ਦਾ ਪਾਣੀ ਪਿੰਡ ਸ਼ਿਕਾਰਪੁਰ, ਜੈਨਪੁਰ ਅਤੇ ਕਾਲੇਵਾਲ ਨੇੜੇ ਖੇਤਾਂ ਵਿਚ ਦੀ ਵੱਗ ਰਿਹਾ ਹੈ | ਕਿਸਾਨ ਗੁਰਵਿੰਦਰ ਸਿੰਘ ਸੋਨੰੂ ਨੇ ਦੱਸਿਆ ਕਿ ਕਾਲੇਵਾਲ ਪੁਲ ਤੇ ਬੂਟੀ ਫਸੀ ਹੋਣ ਕਰਕੇ ਪਾਣੀ ਦੀ ਡਾਫ ਲੱਗ ਗਈ ਹੈ, ਜਿਸ ਕਰਕੇ ਵੇਈਾ ਦਾ ਪਾਣੀ ਬਾਹਰ ਨਿਕਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਯਤਨਾਂ ਸਦਕਾ ਪੁਲ ਹੇਠੋਂ ਬੂਟੀ ਕੱਢਣ ਦਾ ਕੰਮ ਇਲਾਕੇ ਦੇ ਕਿਸਾਨਾਂ ਵਲੋਂ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਪਿੰਡ ਕਾਲਰੂ ਨੇੜੇ ਵੀ ਬਰਸਾਤੀ ਡਰੇਨ ਦੇ ਪਾਣੀ ਨਾਲ ਝੋਨੇ ਦੇ ਖੇਤ ਡੁੱਬੇ ਹੋਏ ਹਨ | ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ ਨੇ ਦੱਸਿਆ ਕਿ ਹਾਈਬਿ੍ਡ ਝੋਨੇ ਦੀਆਂ ਕਿਸਮਾਂ ਲਗਭਗ ਪੱਕਣ ਲਈ ਤਿਆਰ ਸਨ, ਪਰ 10 ਦਿਨ ਤੋਂ ਲਗਾਤਾਰ ਮੀਂਹ ਪੈਣ ਕਾਰਨ ਉਹ ਧਰਤੀ 'ਤੇ ਵਿਛ ਗਈਆਂ ਹਨ, ਜਿਸ ਕਾਰਨ ਕਟਾਈ ਵੇਲੇ ਵੱਡੀ ਦਿੱਕਤ ਆਵੇਗੀ | ਇਸੇ ਤਰ੍ਹਾਂ ਲਗਾਤਾਰ ਮੀਂਹ ਪੈਣ ਨਾਲ ਬਹੁਤੇ ਘਰਾਂ ਦੀਆਂ ਛੱਤਾਂ ਚੋਣ ਲੱਗ ਪਈਆਂ ਹਨ | ਜਿਸ ਕਾਰਨ ਲੋਕਾਂ ਨੂੰ ਸਾਮਾਨ ਸਾਂਭਣ ਲਈ ਜੱਦੋ-ਜਹਿਦ ਕਰਨੀ ਪਈ ਹੈ |