ਕਪੂਰਥਲਾ, 6 ਸਤੰਬਰ (ਸਡਾਨਾ)-ਸੜਕ ਤੋੜ ਕੇ ਪਾਣੀ ਦਾ ਵਹਾਅ ਕਿਸੇ ਹੋਰ ਦੇ ਖੇਤਾਂ ਵੱਲ ਕਰਨ ਦੇ ਮਾਮਲੇ ਨੂੰ ਲੈ ਕੇ ਕੁੱਝ ਵਿਅਕਤੀਆਂ ਦੀ ਕੁੱਟਮਾਰ ਕਰਨ ਸਬੰਧੀ ਸਦਰ ਪੁਲਿਸ ਨੇ 9 ਵਿਅਕਤੀਆਂ ਤੇ ਇਨ੍ਹਾਂ ਦੇ ਕਰੀਬ 10-12 ਅਣਪਛਾਤੇ ਸਾਥੀਆਂ ਵਿਰੁੱਧ ਇਰਾਦਾ ਕਤਲ, ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਸੁਖਜਿੰਦਰ ਸਿੰਘ ਵਾਸੀ ਬਰਿੰਦਪੁਰ ਨੇ ਦੱਸਿਆ ਕਿ ਬੀਤੀ 4 ਸਤੰਬਰ ਨੂੰ ਰਾਤ ਕਰੀਬ 10 ਵਜੇ ਉਸ ਨੂੰ ਹਰਪ੍ਰੀਤ ਸਿੰਘ ਵਾਸੀ ਪੱਖੋਵਾਲ ਦਾ ਫ਼ੋਨ ਆਇਆ, ਜਿਸ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਵੀਰ ਸਿੰਘ, ਬਲਕਾਰ ਸਿੰਘ, ਪਰਵਿੰਦਰ ਸਿੰਘ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਸਰਵਜੀਤ ਸਿੰਘ, ਬਲਕਾਰ ਸਿੰਘ, ਦਲਜੀਤ ਸਿੰਘ, ਮੰਗਾ ਵਾਸੀਆਨ ਸੈਦੋਵਾਲ ਤੇ ਇਨ੍ਹਾਂ ਦੇ 10-12 ਹੋਰ ਅਣਪਛਾਤੇ ਸਾਥੀ ਸੜਕ ਤੋੜ ਕੇ ਪਾਣੀ ਉਨ੍ਹਾਂ ਦੀ ਜ਼ਮੀਨ ਵੱਲ ਕੱਢ ਰਹੇ ਹਨ, ਜਿਨ੍ਹਾਂ ਪਾਸ ਟਰੈਕਟਰ ਟਰਾਲੀਆਂ ਤੇ ਹਥਿਆਰ ਵੀ ਹਨ ਤੇ ਫ਼ੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਮੌਕੇ 'ਤੇ ਪਹੁੰਚ ਰਹੇ ਹਨ ਤੇ ਉਸ ਨੂੰ ਵੀ ਆਉਣ ਲਈ ਕਿਹਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿਤਾ, ਪੁੱਤਰ, ਭਤੀਜੇ ਤੇ ਹੋਰ ਸਾਥੀਆਂ ਦੇ ਨਾਲ ਮੌਕੇ 'ਤੇ ਪਹੁੰਚਿਆ ਤਾਂ ਇਨ੍ਹਾਂ ਹਮਲਾਵਰਾਂ ਨੇ ਟਰੈਕਟਰ ਨਾਲ ਉਨ੍ਹਾਂ ਦੀ ਗੱਡੀ ਵਿਚ ਬੈਠੇ ਉਸ ਦੇ ਪਿਤਾ, ਲੜਕੇ ਤੇ ਭਤੀਜੇ ਦੀ ਗੱਡੀ ਵਿਚ ਟਰੈਕਟਰ ਮਾਰਿਆ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਗੱਡੀ ਵਿਚੋਂ ਬਾਹਰ ਕੱਢਣ ਲੱਗੇ ਤਾਂ ਇਨ੍ਹਾਂ ਨੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦੇ ਪਿਤਾ ਦੀ ਵੀ ਖਿੱਚ ਧੂਹ ਕੀਤੀ ਗਈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਵੀ ਚਲਾਈਆਂ ਅਤੇ ਕਥਿਤ ਤੌਰ 'ਤੇ ਲਲਕਾਰੇ ਮਾਰਦੇ ਹੋਏ ਟਰੈਕਟਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ | ਸਦਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਵਿਅਕਤੀਆਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਇਰਾਦਾ ਕਤਲ, ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ. ਜਸਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ |