ਸੁਲਤਾਨਪੁਰ ਲੋਧੀ, 31 ਅਕਤੂਬਰ (ਥਿੰਦ)-ਮਨੁੱਖਤਾ ਦੇ ਰਹਿਬਰ, ਸਿੱਖ ਧਰਮ ਦੇ ਬਾਨੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੀ ਹਦੂਦ ਅੰਦਰ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਆਦਿ ਬੰਦ ਕਰਨ ਦੇ ਪ੍ਰਸ਼ਾਸਨ ਆਦੇਸ਼ ਦੇਵੇ | ਇਹ ਮੰਗ ਬਾਬਾ ਬੀਰ ਸਿੰਘ ਇੰਟਰਪ੍ਰਾਈਜ਼ਜ਼ ਆਰ. ਸੀ. ਐਫ. ਦੇ ਐਮ. ਡੀ. ਗੁਰਦਿਆਲ ਸਿੰਘ ਠੱਟਾ (ਪ੍ਰਧਾਨ), ਨੰਬਰਦਾਰ ਜੋਗਾ ਸਿੰਘ ਕਾਲੇਵਾਲ ਸੀਨੀਅਰ ਆਗੂ , ਬਲਕਾਰ ਸਿੰਘ ਢਿੱਲੋਂ ਐਮ.ਡੀ. ਨਿਊ ਢਿੱਲੋਂ ਫਾਈਨਾਂਸ ਕੰਪਨੀ ਸੁਲਤਾਨਪੁਰ ਲੋਧੀ, ਅਮਨਦੀਪ ਸਿੰਘ ਭਿੰਡਰ ਮੋਠਾਂਵਾਲ ਸੀਨੀਅਰ ਯੂਥ ਆਗੂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਕਰਦੇ ਅਪੀਲ ਕੀਤੀ ਕਿ ਦੇਸ਼ ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਇਤਿਹਾਸਕ ਨਗਰੀ ਵਿਖੇ ਪ੍ਰਕਾਸ਼ ਪੁਰਬ ਤੇ ਲੱਖਾਂ ਸ਼ਰਧਾਲੂ ਆ ਰਹੇ ਹਨ ਤੇ ਗੁਰੂ ਨਗਰੀ ਸੁਲਤਾਨਪੁਰ ਲੋਧੀ ਨੂੰ ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੋਇਆ ਹੈ | ਇਸ ਲਈ ਜ਼ਰੂਰੀ ਹੈ ਕਿ ਸ਼ਰਾਬ ਤੇ ਮੀਟ ਵਾਲੀਆਂ ਦੁਕਾਨਾਂ , ਠੇਕੇ ਪਵਿੱਤਰ ਨਗਰੀ ਦੀ ਹਦੂਦ ਵਿਚੋਂ ਪ੍ਰਕਾਸ਼ ਪੁਰਬ ਜੋੜ ਮੇਲੇ ਤੇ 2 ਨਵੰਬਰ ਤੋਂ 6 ਨਵੰਬਰ ਤੱਕ ਬੰਦ ਰੱਖੇ ਜਾਣ ਤਾਂ ਜੋ ਕੋਈ ਮਾਹੌਲ ਖ਼ਰਾਬ ਨਾ ਹੋਵੇ | ਜਥੇ ਗੁਰਦਿਆਲ ਸਿੰਘ ਤੇ ਜੋਗਾ ਸਿੰਘ ਮੋਮੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਦੀ ਸਾਫ਼ ਸਫ਼ਾਈ ਕਰਵਾਉਣ ਤੇ ਸ਼ਹਿਰ ਅੰਦਰਲੀਆਂ ਸੜਕਾਂ ਵਿਚ ਪੁੱਟੇ ਹੋਏ ਖੱਡੇ ਦਿਨ ਰਾਤ ਕਰਕੇ ਭਰਵਾਉਣ ਦੀ ਅਪੀਲ ਕੀਤੀ |