ਸੁਲਤਾਨਪੁਰ ਲੋਧੀ, 1 ਨਵੰਬਰ (ਨਰੇਸ਼ ਹੈਪੀ)-ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ (ਜੂਨੀਅਰ ਵਿੰਗ) ਵਲੋਂ ਪਿ੍ੰਸੀਪਲ ਮੈਡਮ ਮਧੂ ਸ਼ਰਮਾ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਸੰਬੰਧ ਵਿਚ ਸ਼ਰਧਾ ਭਰਿਆ ਸਮਾਗਮ ਬੜੀ ਸ਼ਾਨ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵੱਲੋਂ ਪ੍ਰਭਾਤ ਫੇਰੀ ਨਿਕਾਲੀ ਗਈ ਜਿਸ ਵਿਚ ਪੰਜ ਸਿੰਘ ਸਾਹਿਬਾਨ ਸਜਾਏ ਗਏ | ਸੰਗੀਤ ਅਧਿਆਪਕ ਗਗਨਦੀਪ ਸਿੰਘ ਅਤੇ ਵਿਦਿਆਰਥੀਆਂ ਨੇ ਗੁਰਬਾਣੀ ਦੇ ਪਵਿੱਤਰ ਸ਼ਬਦ ਗਾਇਨ ਕਰਕੇ ਸਕੂਲ ਵਿਚ ਗੁਰਮਤਿ ਦਾ ਸੁਨੇਹਾ ਫੈਲਾਇਆ | ਛੋਟੇ-ਛੋਟੇ ਬੱਚਿਆਂ ਵੱਲੋਂ ਗਤਕਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਕਲਾ ਨਾਲ ਸਭ ਦਾ ਮਨ ਮੋਹ ਲਿਆ | ਇਸ ਮੌਕੇ ਸੁਖਦੇਵ ਸਿੰਘ ਜੱਜ ਅਤੇ ਪਰਗਟ ਸਿੰਘ ਜੱਜ ਵੱਲੋਂ ਪੰਜ ਸਿੰਘ ਸਾਹਿਬਾਨ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਸਾਨੂੰ ਸੱਚਾਈ, ਸੇਵਾ ਤੇ ਨਿਮਰਤਾ ਦੇ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ | ਉਨ੍ਹਾਂ ਨੇ ਬੱਚਿਆਂ ਦੇ ਧਾਰਮਿਕ ਜੋਸ਼ ਤੇ ਉਤਸ਼ਾਹ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਦੀ ਮਿਹਨਤ ਲਈ ਧੰਨਵਾਦ ਪ੍ਰਗਟ ਕੀਤਾ | ਸਮਾਗਮ ਦੌਰਾਨ ਜੂਨੀਅਰ ਵਿੰਗ ਦੇ ਪਿ੍ੰਸੀਪਲ ਮਧੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਸੱਚਾਈ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ | ਸੀਨੀਅਰ ਵਿੰਗ ਦੇ ਪਿ੍ੰਸੀਪਲ ਮੈਡਮ ਮੋਨਾ ਘਈ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਧਾਰਮਿਕ ਤੇ ਨੈਤਿਕ ਮੁੱਲਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਜੱਜ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਗੁਰਬਾਣੀ ਸਿਰਫ਼ ਸੁਣਨ ਲਈ ਨਹੀਂ, ਸਗੋਂ ਅਮਲ ਕਰਨ ਲਈ ਹੈ | ਉਨ੍ਹਾਂ ਨੇ ਸਭ ਨੂੰ ਮਿਲਜੁਲ ਕੇ ਪਿਆਰ, ਸਾਂਝ ਤੇ ਸੇਵਾ ਦਾ ਸੁਨੇਹਾ ਫੈਲਾਉਣ ਦੀ ਅਪੀਲ ਕੀਤੀ | ਇਸ ਮੌਕੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਕੁਲਵਿੰਦਰ ਸਿੰਘ ਜੱਜ, ਮੈਨੇਜਮੈਂਟ ਮੈਂਬਰ ਪਰਗਟ ਸਿੰਘ ਜੱਜ, ਨਵਜੋਤ ਕੌਰ ਜੱਜ, ਪਿ੍ੰ: ਗਗਨਦੀਪ ਕੌਰ ਜੱਜ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ, ਕੋਆਰਡੀਨੇਟਰ ਪੂਜਾ ਚਾਵਲਾ, ਮਮਤਾ ਗੁਪਤਾ, ਪਿ੍ੰਸੀਪਲ ਟੂ ਪੀ.ਏ. ਵਿਸ਼ਵਪ੍ਰੀਤ ਕੌਰ, ਐਕਟੀਵਿਟੀ ਕੋਆਰਡੀਨੇਟਰ ਮੈਡਮ ਨੀਨਾ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ | ਸਭ ਨੇ ਗੁਰਬਾਣੀ ਦੇ ਅੰਮਿ੍ਤਮਈ ਕੀਰਤਨ ਦਾ ਆਨੰਦ ਮਾਣਿਆ | ਸਮੂਹ ਸਕੂਲ ਪਰਿਵਾਰ ਨੇ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਲਈ ਅਰਦਾਸ ਕੀਤੀ |