ਕਪੂਰਥਲਾ, 1 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਐਨ.ਐਸ.ਐਸ. ਯੂਨਿਟ ਵਲੋਂ ਦੇਸ਼ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਗਿਆ | ਸਮਾਗਮ ਦੇ ਆਰੰਭ ਵਿਚ ਡਾ. ਅਮਨਜੋਤੀ ਐਨ.ਐਸ.ਐਸ. ਪੋ੍ਰਗਰਾਮ ਅਫ਼ਸਰ ਨੇ ਦੇਸ਼ ਨੂੰ ਇੱਕਜੁੱਟ ਕਰਨ, ਭਾਰਤੀ ਏਕਤਾ ਅਖੰਡਤਾ ਤੇ ਏਕਤਾ ਦੇ ਥੰਮਾਂ ਨੂੰ ਮਜ਼ਬੂਤ ਕਰਨ ਲਈ ਸਰਦਾਰ ਪਟੇਲ ਵਲੋਂ ਪਾਏ ਗਏ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮਹਾਨ ਆਜ਼ਾਦੀ ਘੁਲਾਟੀਏ ਵਲੋਂ ਦਰਸਾਏ ਗਏ ਮੁੱਲਾਂ ਅਤੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਲਈ ਭਾਰਤੀ ਅਮੀਰ ਸਭਿਆਚਾਰਕ ਵਿਭਿੰਨਤਾ ਤੇ ਵਿਲੱਖਣਤਾ ਦਾ ਸਤਿਕਾਰ ਕਰਨ ਸਬੰਧੀ ਸਹੁੰ ਚੁਕਾਈ ਤੇ ਵਿਦਿਆਰਥੀਆਂ ਨੂੰ ਵਿਦੇਸ਼ੀ ਵਸਤੂਆਂ ਨਾਲੋਂ ਸਵਦੇਸ਼ੀ ਵਸਤੂਆਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਵੀ ਦਿਵਾਇਆ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਅਜਿਹਾ ਪ੍ਰੇਰਣਾਦਾਇਕ ਸਮਾਗਮ ਕਰਵਾਉਣ ਲਈ ਕਾਲਜ ਦੇ ਐਨ.ਐਸ.ਐਸ. ਯੂਨਿਟ ਦੀ ਸ਼ਲਾਘਾ ਕੀਤੀ | ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸੁਵਿਤ ਦਾਸ, ਸਕੂਲ ਦੇ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਮੁਕਤੀ, ਸ਼੍ਰੀਮਤੀ ਰੀਨਾ ਸਲੋਤਾ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਕਾਲਜੀਏਟ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |