ਕਪੂਰਥਲਾ, 1 ਨਵੰਬਰ (ਅਮਨਜੋਤ ਸਿੰਘ ਵਾਲੀਆ)-ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਅਤੇ ਜੀਵਨਸ਼ੈਲੀ ਵਿਚ ਬਦਲਾਅ ਕਾਰਨ ਸਟ੍ਰੋਕ ਦੇ ਮਾਮਲੇ ਵਿਚ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਵਾਧਾ ਹੋ ਰਿਹੈ | ਇਹ ਪ੍ਰਗਟਾਵਾ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਵਿਸ਼ਵ ਸਟੋ੍ਰਕ ਦਿਵਸ ਸੰਬੰਧੀ ਕਰਵਾਏ ਸੈਮੀਨਾਰ ਦੌਰਾਨ ਕੀਤਾ | ਡਾ. ਭਗਤ ਨੇ ਕਿਹਾ ਕਿ ਅਚਾਨਕ ਹੋਣ ਵਾਲੀ ਦਿਮਾਗ ਦੀ ਇਸ ਸਮੱਸਿਆ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਹ ਬਹੁਤ ਸੰਭਾਵਨਾ ਹੈ ਕਿ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ | ਇਲਾਜ ਵਿਚ ਦੇਰੀ ਹੋਣ 'ਤੇ ਸਟੋ੍ਰਕ ਸਰੀਰਕ ਅਤੇ ਮਾਨਸਿਕ ਸਿਹਤ ਖ਼ਰਾਬ ਹੋਣ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਕਿਹਾ ਕਿ ਐਨ.ਸੀ.ਡੀ ਪ੍ਰੋਗਰਾਮ ਤਹਿਤ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਸਟੋ੍ਰਕ ਆਦਿ ਦੇ ਮਰੀਜ਼ਾਂ ਦੀ ਸਕਰੀਨਿੰਗ ਜ਼ਿਲ੍ਹਾ ਸਿਵਲ ਹਸਪਤਾਲ ਦੇ ਕਮਰਾ ਨੰਬਰ 2 ਵਿਚ ਕੀਤੀ ਜਾਂਦੀ ਹੈ | ਸਰਕਾਰ ਵਲੋਂ ਇਨ੍ਹਾਂ ਮਰੀਜ਼ਾਂ ਦਾ ਚੈੱਕ ਅੱਪ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਵਜੀਤ ਸਿੰਘ (ਐਮ.ਡੀ ਮੈਡੀਸਨ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਇਲਾਜਯੋਗ ਹੈ | ਇਲਾਜ ਦੇ ਵਧੀਆ ਨਤੀਜਿਆਂ ਲਈ 4.5 ਘੰਟਿਆਂ ਦੇ ਅੰਦਰ ਅੰਦਰ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਾਵੇ ਅਤੇ ਘਰੇਲੂ ਇਲਾਜ ਤੇ ਝੋਲਾ ਛਾਪ ਡਾਕਟਰਾਂ ਦੇ ਚੱਕਰ ਵਿਚ ਨਾ ਪਵੋ | ਉਨ੍ਹਾਂ ਕਿਹਾ ਕਿ ਇਕ ਰਿਸਰਚ ਤੋਂ ਇਨ੍ਹਾਂ ਤੱਥਾਂ ਦਾ ਪਤਾ ਲੱਗਾ ਹੈ ਕਿ ਬਲੱਡ ਪ੍ਰੈਸ਼ਰ 10 ਮਿਲੀਮੀਟਰ ਘਟਨਾ ਨਾਲ ਸਟੋ੍ਰਕ ਦੀ ਸੰਭਾਵਨਾ 27 ਤੋਂ 40 ਪ੍ਰਤੀਸ਼ਤ ਘੱਟ ਜਾਂਦੀ ਹੈ | ਉਨ੍ਹਾਂ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬਲੱਡ ਪ੍ਰੈਸ਼ਰ ਦੀ ਗੋਲੀ ਦੀ ਡਾਕਟਰੀ ਸਲਾਹ ਅਨੁਸਾਰ ਹੀ ਲੈਣੀ ਚਾਹੀਦੀ ਹੈ ਤਾਂ ਜੋ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹੇ | ਸੈਮੀਨਾਰ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਰਮਿੰਦਰ ਕੌਰ, ਸਟਾਫ਼ ਨਰਸ ਐਨਸੀਡੀ ਗੁਰਪ੍ਰੀਤ ਕੌਰ ਤੇ ਸੁਪਰਡੈਂਟ ਰਾਮ ਅਵਤਾਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਸੀਸੀ ਜੋਤੀ ਅਨੰਦ ਆਦਿ ਹਾਜ਼ਰ ਸਨ |