ਸੁਲਤਾਨਪੁਰ ਲੋਧੀ, 4 ਨਵੰਬਰ (ਨਰੇਸ਼ ਹੈਪੀ)-ਅੱਜ ਦੇਰ ਸ਼ਾਮ ਪਈ ਅਚਾਨਕ ਬਾਰਸ਼ ਨੇ ਚਾਰੇ ਪਾਸੇ ਜਲ ਥਲ ਕਰ ਦਿੱਤੀ | ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਗਿਆ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਾ ਕੇ ਸੰਪੰਨ ਹੋਣਾ ਸੀ ਅਤੇ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਪਿੱਛੇ ਹੀ ਸੀ ਕਿ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਗਿਆ | ਮੀਂਹ ਪੈਣ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਅੰਦਰ ਅਤੇ ਬਾਹਰ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਲਗਾਏ ਗਏ ਲੰਗਰਾਂ ਦੇ ਟੈਂਟ ਮੀਂਹ ਨਾਲ ਬੁਰੀ ਤਰ੍ਹਾਂ ਭਿੱਜ ਗਏ ਅਤੇ ਕੁੱਝ ਡਿਗ ਵੀ ਪਏ | ਮੀਂਹ ਦੇ ਚੱਲਦਿਆਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਇਮਾਰਤ ਉੱਪਰ ਲੱਗੀਆਂ ਬਿਜਲੀ ਵਾਲੀਆਂ ਲਾਈਟਾਂ ਵੀ ਬੰਦ ਕਰਨੀਆਂ ਪਈਆਂ | ਮੀਂਹ ਨਾਲ ਜਿੱਥੇ ਪ੍ਰਬੰਧਕਾਂ ਨੂੰ ਮੁਸ਼ਕਿਲ ਆਈ, ਉੱਥੇ ਸੰਗਤਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਗੁਰਦੁਆਰਾ ਦੇ ਆਲੇ ਦੁਆਲੇ ਬਾਹਰ ਖੁੱਲੇ੍ਹ ਵਿਚ ਟੈਂਟਾਂ ਥੱਲੇ ਸੁੱਤੀਆਂ ਆਰਾਮ ਕਰ ਰਹੀਆਂ ਸੰਗਤਾਂ ਨੂੰ ਬਰਾਂਡੇ ਅਤੇ ਦੀਵਾਨ ਹਾਲ ਵੱਲ ਨੂੰ ਸ਼ਰਨ ਲੈਣੀ ਪਈ | ਮੀਂਹ ਲਗਾਤਾਰ ਡੇਢ ਤੋਂ ਦੋ ਘੰਟੇ ਪੈਂਦਾ ਰਿਹਾ | ਮੀਂਹ ਨਾਲ ਕੁੱਝ ਇਕ ਵਾਟਰ ਪਰੂਫ਼ ਟੈਂਟਾਂ ਵਾਲਿਆਂ ਦਾ ਤਾਂ ਬਚਾਅ ਹੋ ਗਿਆ ਲੇਕਿਨ ਆਮ ਟੈਂਟਾਂ ਵਾਲਿਆਂ ਦਾ ਨੁਕਸਾਨ ਵੀ ਹੋਇਆ |