ਜਲੰਧਰ, 22 ਨਵੰਬਰ (ਸ਼ੈਲੀ)-ਲੂਈਸ ਬ੍ਰੇਲ ਵੈੱਲਫੇਅਰ ਐਸੋਸੀਏਸ਼ਨ ਫਾਰ ਦ ਬਲਾਈਾਡ, ਸਟੇਟ ਆਫ਼ ਪੰਜਾਬ (ਰਜਿਸਟਰਡ) ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਤਿੰਨ-ਰੋਜ਼ਾ ਰਾਸ਼ਟਰੀ ਮੁਕਾਬਲਾ 2025 ਦੇ ਦੂਸਰੇ ਦਿਨ ਅਜੀਤ ਗਰੁੱਪ ਦੀ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਬਤੌਰ ਮੱੁਖ ਮਹਿਮਾਨ ਪਹੁੰਚੇ, ਜਿਨ੍ਹਾਂ ਦਾ ਸਵਾਗਤ ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ, ਤੇਜਿੰਦਰ ਸਿੰਘ ਅਤੇ ਹੋਰਨਾਂ ਮੈਂਬਰਾਂ ਵਲੋਂ ਗੁਲਦਸਤਾ ਭੇਟ ਕਰਕੇ ਕੀਤਾ ਗਿਆ | ਇਸ ਦੌਰਾਨ ਐਲ.ਪੀ.ਯੂ ਦੇ ਵਾਈਸ ਪ੍ਰੈਜ਼ੀਡੈਂਟ ਅਮਨ ਮਿੱਤਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਤੋਂ ਇਲਾਵਾ ਸਹਾਰਾ ਸੇਵਾ ਸਮਿਤੀ ਦੇ ਕਮਲ ਜੈਨ ਅਤੇ ਹਰਬੰਸ ਜੁਨੇਜਾ ਅਤੇ ਉਨ੍ਹਾਂ ਦੀ ਟੀਮ, ਵਰਿੰਦਰ ਮਲਿਕ, ਜਸਵਿੰਦਰ ਸਿੰਘ ਸੈਣੀ, ਆਈ.ਏ.ਐਸ ਅਜੇ ਅਰੋੜਾ ਵੀ ਪਹੁੰਚੇ | ਇਸ ਦੌਰਾਨ ਮੈਡਮ ਗੁਰਜੋਤ ਕੌਰ ਨੇ ਰੀਬਨ ਕੱਟ ਕੇ ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ | ਉਨ੍ਹਾਂ ਨੇ ਮੁਕਾਬਲਿਆਂ ਵਿਚ ਚਲ ਰਹੀ ਹਰ ਖੇਡ ਜਿਵੇਂ ਚੈੱਸ ਤੇ ਗਾਇਨ ਦੀ ਪੇਸ਼ਕਾਰੀ ਵੀ ਦੇਖੀ | ਐਸੋਸੀਏਸ਼ਨ ਦੇ ਪ੍ਰਧਾਨ ਵਿਕਰਾਂਤ ਦੱਤਾ ਨੇ ਦੱਸਿਆ ਕਿ ਇਸ ਤਿੰਨ-ਰੋਜ਼ਾ ਮੁਕਾਬਿਆਂ ਦੌਰਾਨ ਭਾਰਤ ਭਰ ਦੇ ਵੱਖ-ਵੱਖ ਰਾਜਾਂ ਤੋਂ ਨੇਤਰਹੀਣ ਵਿਦਿਆਰਥੀ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ | ਅੱਜ ਦੂਜੇ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਸ੍ਰੀਮਤੀ ਗੁਰਜੋਤ ਕੌਰ ਨੇ ਆਪਣੇ ਸੰਬੋਧਨ ਵਿਚ ਭਾਵੁਕ ਹੁੰਦੇ ਹੋਏ ਸੰਸਥਾ ਦੇ ਸਾਰੇ ਮੈਂਬਰਾਂ ਅਤੇ ਹਾਜ਼ਰ ਨੇਤਰਹੀਨ ਪ੍ਰਤੀਭਾਗੀਆਂ ਨੂੰ ਸ਼ੱੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਰੋਹ ਵਿਚ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ | ਉਨ੍ਹਾਂ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਇਕ ਸ਼ਹਿਰ ਹੀ ਨਹੀਂ ਬਲਿਕ ਦੇਸ਼ ਦੇ ਕੋਨੇ-ਕੋਨੇ ਤੋਂ ਇਕੱਠਾ ਕਰਨਾ ਬਹੁਤ ਹੀ ਮੁਸ਼ਕਿਲ ਹੈ ਜੋ ਕਿ ਇਸ ਸੰਸਥਾ ਨੇ ਕੀਤਾ ਹੈ ਜਿਸ ਲਈ ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ, ਤੇਜਿੰਦਰ ਸਿੰਘ ਅਤੇ ਹੋਰ ਮੈਂਬਰ ਵਧਾਈ ਦੇ ਪਾਤਰ ਹਨ | ਇਨ੍ਹਾਂ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਗੁਰਜੋਤ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਇਕ ਦੂਜੇ ਦਾ ਹੌਸਲਾ ਵਧਾਉਂਦੇ ਹੋ ਉਸ ਤੋਂ ਸਮਾਜ ਨੂੰ ਤੁਹਾਡੇ ਕੋਲੋਂ ਸਿਖਿਆ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਤੁਸੀਂ ਸਭ ਸਾਡੇ ਲਈ ਇਕ ਪ੍ਰੇਰਣਾ ਸਰੋਤ ਹੋ | ਉਨ੍ਹਾਂ ਨੇ ਹਾਜ਼ਰ ਨੇਤਰਹੀਨ ਬੱਚਿਆਂ ਦਾ ਹੌਸਲਾ ਵਧਾਉਂਦੇ ਹੋਏ ਕਿਹਾ ਕਿ ਤੁਸੀਂ ਕਦੀ ਖੁਦ ਨੂੰ ਕਮਜ਼ੋਰ ਨਾ ਸਮਝਣਾ | ਆਖਿਰ ਵਿਚ ਉਨ੍ਹਾਂ ਨੇ ਸਮਾਰੋਹ ਦੌਰਾਨ ਹੋ ਰਹੇ ਵੱਖ ਵੱਖ ਮੁਕਾਬਿਲਆਂ ਦੇ ਪਹਿਲੇ ਨੰਬਰ ਆਉਣ ਵਾਲੇ ਜੇਤੂਆਂ ਨੂੰ ਆਪਣੇ ਵਲੋਂ ਇਨਾਮ ਦੇਣ ਦੀ ਘੋਸ਼ਣਾ ਕੀਤੀ | ਸੰਸਥਾ ਵਲੋਂ ਮੈਡਮ ਗੁਰਜੋਤ ਕੌਰ ਨੂੰ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਪ੍ਰਧਾਨ ਵਿਕਰਾਂਤ ਦੱਤਾ ਨੇ ਦੱਸਿਆ ਕਿ ਅੱਜ ਮੁਕਾਬਲਿਆਂ ਦੌਰਾਨ ਸੰਗੀਤ ਅਤੇ ਅਕਾਦਮਿਕ ਸ਼੍ਰੇਣੀਆਂ 'ਚ ਸੀਨੀਅਰ ਵਰਗ ਤੋਂ ਸ਼ਾਨਦਾਰ ਭਾਗੀਦਾਰੀ, ਸ਼ਤਰੰਜ ਵਿੱਚ ਉੱਚ ਪੱਧਰੀ ਮੁਕਾਬਲਿਆਂ ਸਮੇਤ ਹੋਰ ਵੀ ਖੇਡਾਂ ਵਿਚ ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਅਨੀਤਾ ਦੱਤਾ (ਸਕੱਤਰ), ਤੇਜਿੰਦਰ ਸਿੰਘ (ਖਜ਼ਾਨਚੀ), ਇੰਦਰਪ੍ਰੀਤ ਸਿੰਘ (ਚੇਅਰਪਰਸਨ), ਅਸ਼ਵਨੀ ਬਖਸ਼ੀ (ਉਪ ਪ੍ਰਧਾਨ), ਅਵਤਾਰ ਸਿੰਘ (ਸੰਯੁਕਤ ਸਕੱਤਰ), ਬਿਹਾਰੀ ਲਾਲ (ਸਲਾਹਕਾਰ), ਅਤੇ ਕਾਰਜਕਾਰੀ ਮੈਂਬਰ ਕਸ਼ਮੀਰਾ ਸਿੰਘ, ਮਹਿਕ ਗਿੱਲ, ਮਾਸਟਰ ਗੁਰਸ਼ਰਨ ਸਿੰਘ, ਮਾਸਟਰ ਅਮਰੀਕ ਸਿੰਘ ਅਤੇ ਪ੍ਰਦੀਪ ਕੁਮਾਰ ਮੌਜੂਦ ਸਨ |