ਕਪੂਰਥਲਾ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸੀਨੀਅਰ ਸਿਟੀਜ਼ਨ ਕਲੱਬ ਸ਼ਾਲੀਮਾਰ ਬਾਗ਼ ਕਪੂਰਥਲਾ ਦਾ ਇਕ ਪ੍ਰਤੀਨਿਧ ਮੰਡਲ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ ਦੀ ਅਗਵਾਈ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ | ਉਨ੍ਹਾਂ ਕਲੱਬ ਵਲੋਂ ਪ੍ਰਕਾਸ਼ਿਤ ਕੀਤੀ ਗਈ ਟੈਲੀਫ਼ੋਨ ਡਾਇਰੈਕਟਰੀ ਉਨ੍ਹਾਂ ਨੂੰ ਭੇਟ ਕੀਤੀ | ਕਲੱਬ ਦੇ ਜਨਰਲ ਸਕੱਤਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਮੇਂ ਸਮੇਂ ਕਰਵਾਏ ਜਾਂਦੇ ਜਾਗਰੂਕਤਾ ਸੈਮੀਨਾਰ ਨਾਲ ਕਲੱਬ ਦੇ ਮੈਂਬਰਾਂ ਨੂੰ ਵੱਡਾ ਲਾਭ ਹੋਇਆ ਹੈ | ਉਨ੍ਹਾਂ ਸੀਨੀਅਰ ਸਿਟੀਜ਼ਨ ਨੂੰ ਮੁਫ਼ਤ ਸੇਵਾ ਯੋਜਨਾ, ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਸਮਾਜਿਕ ਸੁਰੱਖਿਆ ਯੋਜਨਾਵਾਂ, ਸਾਈਬਰ ਕ੍ਰਾਈਮ ਤੋਂ ਸੁਰੱਖਿਆ ਤੇ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਹਿਰਦੇਜੀਤ ਸਿੰਘ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਅਕਸਰ ਸਾਈਬਰ ਧੋਖਾਧੜੀ ਦਾ ਨਿਸ਼ਾਨਾਂ ਬਣਦੇ ਹਨ | ਇਸ ਲਈ ਉਨ੍ਹਾਂ ਨੂੰ ਵੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸਮੇਂ ਸਮੇਂ ਕਲੱਬ ਵਿਚ ਮੈਡੀਕਲ ਕੈਂਪ ਲਾਏ ਜਾਂਦੇ ਹਨ ਤੇ ਸੀਨੀਅਰ ਸਿਟੀਜ਼ਨ ਨੂੰ ਸਿਹਤ ਸਬੰਧੀ ਮੁੱਢਲੀ ਜਾਂਚ ਦੇ ਨਾਲ ਨਾਲ ਉਨ੍ਹਾਂ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ | ਇਸ ਮੌਕੇ ਕਲੱਬ ਦੇ ਉਪ ਪ੍ਰਧਾਨ ਨਰੇਸ਼ ਗੁਲਾਟੀ, ਪ੍ਰੈੱਸ ਸਕੱਤਰ ਰਾਜ ਕੁਮਾਰ ਮਹਿਰਾ, ਅਕਾਉਂਟੈਂਟ ਕਮਲ ਕਿਸ਼ੋਰ ਧੀਰ ਆਦਿ ਹਾਜ਼ਰ ਸਨ |