ਫਗਵਾੜਾ, 6 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਨਜ਼ਦੀਕੀ ਪਿੰਡ ਬੇਗਮਪੁਰ ਵਿਚ ਭੇਦਭਰੇ ਹਾਲਾਤਾਂ ਵਿਚ ਇੱਕ ਘਰ ਦੀ ਉੱਪਰਲੀ ਮੰਜ਼ਿਲ 'ਤੇ ਬਣੇ ਕਮਰੇ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਘਰ ਦੇ ਮਾਲਕ ਰਾਮਜੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਹ ਘਰ ਦੀ ਪਿਛਲੀ ਸਾਈਡ ਸੌਂ ਰਹੇ ਸਨ, ਜਿਸ ਕਰਕੇ ਅੱਗ ਲੱਗਣ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਲੱਗਿਆ | ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਬਾਅਦ ਮਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਦੂਜੇ ਘਰ ਵਿਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਫ਼ੋਨ ਕਰਕੇ ਉਨ੍ਹਾਂ ਨੂੰ ਜਗਾਇਆ | ਜਦ ਤੱਕ ਉਹ ਬਾਹਰ ਆਏ, ਅੱਗ ਕਾਫ਼ੀ ਫੈਲ ਚੁੱਕੀ ਸੀ ਅਤੇ ਘਰ ਦਾ ਵੱਡਾ ਨੁਕਸਾਨ ਹੋ ਗਿਆ ਸੀ | ਇਸ ਸਾਰੀ ਘਟਨਾ ਦੀ ਸੂਚਨਾ ਰਾਮਜੀ ਲਾਲ ਨੇ ਤੁਰੰਤ ਫਗਵਾੜਾ ਫਾਇਰ ਬਿ੍ਗੇਡ ਨੂੰ ਦਿੱਤੀ | ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ | ਇਸ ਦੌਰਾਨ ਰਾਮਜੀ ਲਾਲ ਨੇ ਕੁੱਝ ਪਿੰਡ ਦੇ ਵਿਅਕਤੀਆਂ 'ਤੇ ਅੱਗ ਲਗਾਉਣ ਦੇ ਗੰਭੀਰ ਦੋਸ਼ ਵੀ ਲਗਾਏ ਹਨ | ਉਨ੍ਹਾਂ ਦੇ ਮੁਤਾਬਿਕ, ਘਰ ਦੇ ਬਾਹਰ ਤੋਂ ਪੈਟਰੋਲ ਦੀ ਇੱਕ ਬੋਤਲ ਵੀ ਬਰਾਮਦ ਹੋਈ ਹੈ | ਸਾਰੀ ਘਟਨਾ ਦੀ ਸੂਚਨਾ ਥਾਣਾ ਰਾਵਲਪਿੰਡੀ ਪੁਲਿਸ ਨੂੰ ਦੇ ਦਿੱਤੀ ਗਈ | ਸੂਚਨਾ ਮਿਲਦੇ ਹੀ ਐਸਐਚਓ ਮੇਜਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਐਸਐਚਓ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਸੱਚ ਸਾਹਮਣੇ ਆਏਗਾ, ਉਸ ਅਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ |