ਕਪੂਰਥਲਾ, 19 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ-ਕਰਤਾਰਪੁਰ ਰੋਡ 'ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਦੇ ਗੱਠਾਂ ਨਾਲ ਲੱਦੀ ਟਰਾਲੀ ਪਲਟ ਗਈ, ਜਿਸ ਨੂੰ ਬਾਅਦ ਵਿਚ ਇਕ ਪਾਸੇ ਕਰਕੇ ਟ੍ਰੈਫ਼ਿਕ ਨੂੰ ਚਾਲੂ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਕਰਤਾਰਪੁਰ-ਕਪੂਰਥਲਾ ਰੋਡ 'ਤੇ ਮਿਲਟਰੀ ਕੰਟੀਨ ਨੇੜੇ ਦੇਰ ਰਾਤ ਪਰਾਲੀ ਦੇ ਗੱਠਾਂ ਨਾਲ ਲੱਦੀ ਇੱਕ ਟਰਾਲੀ ਪਲਟ ਗਈ ਜਿਸ ਦੀ ਸੂਚਨਾ ਮਿਲਣ 'ਤੇ ਟਰੈਫ਼ਿਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਾਲੀ ਦੀਆਂ ਗੱਠਾਂ ਨੂੰ ਸਾਈਡ ਕਰਵਾਇਆ ਅਤੇ ਟਰਾਲੀ ਨੂੰ ਸਿੱਧਾ ਕਰਵਾ ਕੇ ਟਰੈਫ਼ਿਕ ਨੂੰ ਨਿਰਵਿਘਨ ਚਾਲੂ ਕਰਵਾ ਦਿੱਤਾ | ਜ਼ਿਕਰਯੋਗ ਹੈ ਕਿ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਾਰਨ ਗੱਡੀਆਂ ਦੀ ਰਫ਼ਤਾਰ ਵੀ ਬਿਲਕੁਲ ਹੌਲੀ ਹੋ ਗਈ ਹੈ | ਸੰਘਣੀ ਧੁੰਦ ਕਾਰਨ ਜਨ ਜੀਵਨ ਅਸਤ ਵਿਅਸਤ ਹੋਇਆ ਪਿਆ ਹੈ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਦੇਰੀ ਹੋ ਰਹੀ ਹੈ |