ਕਪੂਰਥਲਾ, 19 ਦਸੰਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਲੋਕਾਂ ਨੂੰ ਵਾਜਬ ਰੇਟਾਂ 'ਤੇ ਰਿਹਾਇਸ਼ੀ ਤੇ ਵਪਾਰਕ ਅਦਾਰਿਆਂ ਦੀ ਸ਼ੁਰੂਆਤ ਲਈ ਢੁਕਵੀਆਂ ਥਾਵਾਂ ਦੀ ਵਿਵਸਥਾ ਪਹਿਲ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ | ਇਹ ਗੱਲ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਜਲੰਧਰ ਵਿਕਾਸ ਅਥਾਰਿਟੀ ਦੀਆਂ ਜ਼ਿਲ੍ਹੇ ਵਿਚਲੀਆਂ ਕਲੋਨੀਆਂ ਵਿਚਲੇ ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦੀ ਰਿਜ਼ਰਵ ਕੀਮਤ ਤੈਅ ਕਰਨ ਸਬੰਧੀ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸੁਲਤਾਨਪੁਰ ਲੋਧੀ ਦੀ ਪੁੱਡਾ ਕਲੋਨੀ ਵਿਚ ਰਿਹਾਇਸ਼ੀ ਤੇ ਫਗਵਾੜਾ ਦੀ ਪੁੱਡਾ ਕਲੋਨੀ ਅਰਬਨ ਅਸਟੇਟ ਵਿਚ ਰਿਹਾਇਸ਼ੀ ਤੇ ਵਪਾਰਕ ਪਲਾਟਾਂ ਦੇ ਰਾਖਵੇਂ ਰੇਟ ਤੈਅ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਉਨ੍ਹਾਂ ਜਲੰਧਰ ਵਿਕਾਸ ਅਥਾਰਿਟੀ ਦੀ ਵਧੀਕ ਮੁੱਖ ਪ੍ਰਸ਼ਾਸਕ ਅਲਕਾ ਕਾਲੀਆ ਤੇ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਾਊਸਿੰਗ/ਵਪਾਰਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਤਾਂ ਜੋ ਭਵਿੱਖ ਦੀਆਂ ਲੋੜਾਂ ਅਨੁਸਾਰ ਲੋੜੀਂਦੀ ਵਿਉਂਤਬੰਦੀ ਕੀਤੀ ਜਾ ਸਕੇ | ਮੀਟਿੰਗ ਵਿਚ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਫਗਵਾੜਾ ਦੇ ਐਸ.ਡੀ.ਐਮ. ਜਸ਼ਨਜੀਤ ਸਿੰਘ, ਜਲੰਧਰ ਵਿਕਾਸ ਅਥਾਰਿਟੀ ਦੇ ਮੁੱਖ ਲੇਖਾ ਅਫ਼ਸਰ ਤੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਹਾਜ਼ਰ ਸਨ |