ਫਗਵਾੜਾ, 21 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ (ਰਜਿ.) ਵਲੋਂ 40ਵਾਂ ਸਾਲਾਨਾ ਵਾਤਾਵਰਨ ਮੇਲਾ ਨਗਰ ਨਿਗਮ ਤੇ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਸਦਕਾ ਡਾ. ਅੰਬੇਡਕਰ ਆਡੀਟੋਰੀਅਮ ਜੀ.ਟੀ. ਰੋਡ ਫਗਵਾੜਾ ਵਿਖੇ ਕੀਤਾ ਗਿਆ | ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪਹਿਲੇ ਦਿਨ ਜਾਗਰੂਕਤਾ ਰੈਲੀ ਕੱਢੀ ਗਈ ਅਤੇ ਸ਼ਹਿਰਵਾਸੀਆਂ ਨੂੰ ਮੇਲੇ 'ਚ ਸ਼ਮੂਲੀਅਤ ਲਈ ਸੱਦਾ ਪੱਤਰ ਦਿੱਤੇ ਗਏ | ਦੂਸਰੇ ਦਿਨ ਸਵੇਰੇ ਮੇਲੇ ਦਾ ਉਦਘਾਟਨ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਤੇ ਮੇਅਰ ਰਾਮਪਾਲ ਉੱਪਲ ਵਲੋਂ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਰਨੂਰ ਸਿੰਘ (ਹਰਜੀ) ਮਾਨ ਹਲਕਾ ਇੰਚਾਰਜ ਸ਼ਾਮਿਲ ਹੋਏ | ਉਨ੍ਹਾਂ ਐਸੋਸੀਏਸ਼ਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਦਾ ਸੰਦੇਸ਼ ਦਿੰਦਿਆਂ ਵੱਖ-ਵੱਖ ਪ੍ਰੋਜੈਕਟ ਕੀਤੇ ਗਏ | ਜਿਨ੍ਹਾਂ 'ਚ ਦਰਖ਼ਤ ਲਗਾਉਣ ਦੇ ਮੁਕਾਬਲੇ, ਸਕੂਲੀ ਵਿਦਿਆਰਥੀਆਂ ਦੇ ਸਾਇੰਸ ਮਾਡਲ ਮੁਕਾਬਲੇ, ਫੁੱਲਾਂ ਦੀ ਸਜਾਵਟ ਮੁਕਾਬਲੇ, ਪੇਂਟਿੰਗ ਮੁਕਾਬਲੇ, ਵੇਸਟ ਟੂ ਬੈੱਸਟ ਅਤੇ ਰੰਗੋਲੀ ਮੁਕਾਬਲੇ, ਲੋਕਗੀਤ, ਪਤੰਗਬਾਜ਼ੀ ਮੁਕਾਬਲੇ, ਫੈਂਸੀ ਡਰੈੱਸ ਮੁਕਾਬਲੇ, ਸਿਹਤਮੰਦ ਬੇਬੀ ਤੇ ਬਾਡੀ ਬਿਲਡਿੰਗ ਮੁਕਾਬਲੇ, ਪਲਾਸਟਿਕ ਮੁਕਤ ਭਾਰਤ ਅਤੇ ਸਵੱਛਤਾ ਹੀ ਸੇਵਾ ਵਿਸ਼ੇ ਅਧੀਨ ਆਯੋਜਿਤ ਪ੍ਰੋਜੈਕਟ ਖਿੱਚ ਦਾ ਕੇਂਦਰ ਸਨ | ਮੇਲੇ ਦੀ ਸਮਾਪਤੀ ਸਮੇਂ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਨੇ ਸਮੂਹ ਲਾਇਨਜ਼, ਅਲਾਇਨਜ਼ ਕਲੱਬਾਂ ਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਇਲਾਵਾ ਖ਼ਾਸ ਤੌਰ 'ਤੇ ਮੇਲੇ ਦੇ ਡਾਇਰੈਕਟਰ ਜਸਪ੍ਰੀਤ ਬਾਂਸਲ, ਆਰਿਆ ਮਾਡਲ ਸਕੂਲ ਦੇ ਪ੍ਰਬੰਧਕਾਂ, ਉਡਿਅਨ ਸ਼ਾਲਿਨੀ ਗਰੁੱਪ ਦਾ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਸਮੂਹ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |